ਈ.ਡੀ. ਨੇ ਲਾਲੂ ਪ੍ਰਸਾਦ, ਪ੍ਰਵਾਰਕ ਜੀਆਂ ਅਤੇ ਹੋਰਾਂ ਦੀਆਂ 6 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ

By : BIKRAM

Published : Jul 31, 2023, 10:08 pm IST
Updated : Jul 31, 2023, 10:10 pm IST
SHARE ARTICLE
Lalu Prasad Yadav
Lalu Prasad Yadav

ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਈ.ਡੀ. ਦੇ ਡਾਇਰੈਕਟਰ ਦੀ ਮਿਆਦ ਵਧਾਈ: ਆਰ.ਜੇ.ਡੀ.

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ‘ਜ਼ਮੀਨ ਲਈ ਰੇਲਵੇ ਨੌਕਰੀਆਂ’ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਦੇ ਹਿੱਸੇ ਵਜੋਂ ਕੁਝ ਜਾਇਦਾਦਾਂ ਕੁਰਕ ਕੀਤੀਆਂ ਹਨ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਸੂਤਰਾਂ ਨੇ ਦਸਿਆ ਕਿ ਏਜੰਸੀ ਨੇ ਜਾਇਦਾਦ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਤਹਿਤ ਆਰਜ਼ੀ ਹੁਕਮ ਜਾਰੀ ਕੀਤਾ ਹੈ। ਈ.ਡੀ. ਨੇ ਕਿਹਾ ਕਿ ਉਸ ਨੇ ਲਾਲੂ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ, ਧੀ ਮੀਸਾ ਭਾਰਤੀ ਅਤੇ ਹੋਰਾਂ ਦੀ 6 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।

ਈ.ਡੀ. ਨੇ ਪੀ.ਐਮ.ਐਲ.ਏ. ਦੇ ਤਹਿਤ ਪਟਨਾ, ਗਾਜ਼ੀਆਬਾਦ (ਉੱਤਰ ਪ੍ਰਦੇਸ਼) ’ਚ ਛੇ ਅਚੱਲ ਜਾਇਦਾਦਾਂ ਅਤੇ ਦਖਣੀ ਦਿੱਲੀ ਦੇ ਨਿਊ ਫਰੈਂਡਜ਼ ਕਲੋਨੀ ਖੇਤਰ ’ਚ ਡੀ-1088 ਸਥਿਤ ਇਕ ਚਾਰ ਮੰਜ਼ਿਲਾ ਬੰਗਲੇ ਨੂੰ ਕੁਰਕ ਕਰਨ ਦਾ ਆਰਜ਼ੀ ਹੁਕਮ ਜਾਰੀ ਕੀਤਾ ਹੈ।  ਕੁਰਕ ਕੀਤੀਆਂ ਜਾਇਦਾਦਾਂ ’ਚ ਪਟਨਾ ਦੇ ਮਹੂਆਬਾਗ (ਦਾਨਾਪੁਰ) ਵਿਖੇ ਦੋ ਪਲਾਟ, ਜਿਨ੍ਹਾਂ ’ਚੋਂ ਇਕ ਦੀ ਮਲਕੀਅਤ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਦੂਜੀ ‘ਏ.ਕੇ. ਇਨਫੋਸਿਸਟਮ ਪ੍ਰਾਈਵੇਟ ਲਿਮਟਿਡ’ (ਲਾਲੂ ਪ੍ਰਸਾਦ ਦੇ ਪਰਿਵਾਰ ਵਲੋਂ ਚਲਾਈ ਜਾਂਦੀ ਇਕ ਕੰਪਨੀ) ਕੋਲ ਹੈ ਅਤੇ ਪਟਨਾ ਦੇ ਬਿਹਟਾ ਇਲਾਕੇ ’ਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਦੀ ਸੰਸਦ ਮੈਂਬਰ ਧੀ ਮੀਸਾ ਭਾਰਤੀ ਦਾ ਇਕ ਪਲਾਟ ਹੈ। 

ਇਸ ਤੋਂ ਇਲਾਵਾ, ਗਾਜ਼ੀਆਬਾਦ ਦੇ ਸਾਹਿਬਾਬਾਦ ਇੰਡਸਟਰੀਅਲ ਏਰੀਆ ’ਚ ਸਥਿਤ ਦੋ ਉਦਯੋਗਿਕ ਪਲਾਟਾਂ (ਇਕ-ਇਕ ਵਿਨੀਤ ਯਾਦਵ ਅਤੇ ਸ਼ਿਵ ਕੁਮਾਰ ਯਾਦਵ, ਕ੍ਰਮਵਾਰ ਯਾਦਵ ਦੀ ਧੀ ਹੇਮਾ ਯਾਦਵ ਦੇ ਪਤੀ ਅਤੇ ਸਹੁਰੇ ਦੇ ਨਾਮ ’ਤੇ ਰਜਿਸਟਰਡ) ਦਾ ਇਕ ਹਿੱਸਾ ਵੀ ਕੁਰਕ ਕੀਤਾ ਗਿਆ ਹੈ। ਈ.ਡੀ. ਨੇ ਕਿਹਾ ਕਿ ‘ਏ.ਬੀ. ਐਕਸਪੋਰਟਸ ਪ੍ਰਾਈਵੇਟ ਲਿਮਟਿਡ’ ਪ੍ਰਸਾਦ ਦੇ ਬੇਟੇ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਚੰਦਾ ਯਾਦਵ (ਆਰ.ਜੇ.ਡੀ. ਮੁਖੀ ਦੀ ਧੀ) ਦੀ ਮਲਕੀਅਤ ਵਾਲੀ ਇਕ ‘ਕਾਗਜੀ’ ਕੰਪਨੀ ਹੈ ਅਤੇ ਇਸ ਦਾ ਰਜਿਸਟਰਡ ਪਤਾ ਨਿਊ ਫਰੈਂਡਜ਼ ਕਾਲੋਨੀ ਖੇਤਰ ’ਚ ਇਕ ਬੰਗਲਾ ਹੈ। ਈ.ਡੀ. ਨੇ ਕਿਹਾ ਕਿ ਇਨ੍ਹਾਂ ਸਾਰੀਆਂ ਜਾਇਦਾਦਾਂ ਦੀ ਕੁਲ ਕੀਮਤ 6.02 ਕਰੋੜ ਰੁਪਏ ਹੈ।

ਈ.ਡੀ. ਦਾ ਕੇਸ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ, ਰਾਬੜੀ ਦੇਵੀ ਅਤੇ ਹੋਰਾਂ ਵਿਰੁਧ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਐਫ.ਆਈ.ਆਰ. ’ਤੇ ਅਧਾਰਤ ਹੈ। ਦੋਸ਼ ਹੈ ਕਿ 2004-09 ਦੌਰਾਨ ਭਾਰਤੀ ਰੇਲਵੇ ਦੇ ਵੱਖ-ਵੱਖ ਜ਼ੋਨਾਂ ’ਚ ਗਰੁੱਪ-ਡੀ ਦੇ ਅਹੁਦਿਆਂ ’ਤੇ ਕਈ ਲੋਕਾਂ ਨੂੰ ਨਿਯੁਕਤ ਕੀਤਾ ਗਿਆ ਸੀ, ਜਿਸ ਦੇ ਬਦਲੇ ਉਨ੍ਹਾਂ ਨੇ ਅਪਣੀ ਜ਼ਮੀਨ ਲਾਲੂ ਪ੍ਰਸਾਦ ਦੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਕਰਵਾ ਦਿਤੀ ਸੀ।

ਏਜੰਸੀ ਨੇ ਦਾਅਵਾ ਕੀਤਾ ਕਿ ਮਹੂਬਾਗ (ਦਾਨਾਪੁਰ) ਅਤੇ ਬਿਹਟਾ ਵਿਚ ਪਲਾਟ ਲਾਲੂ ਪ੍ਰਸਾਦ ਦੇ ਪਰਿਵਾਰਕ ਮੈਂਬਰਾਂ ਨੇ ਅਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਕੇ ਰਿਸ਼ਵਤ ਲੈ ਕੇ ਹਾਸਲ ਕੀਤੇ ਸਨ। ਇਹ ਕਥਿਤ ਘਪਲਾ ਕੇਂਦਰ ’ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ-ਵਨ ਸਰਕਾਰ ’ਚ 2004-09 ਦਰਮਿਆਨ ਰੇਲ ਮੰਤਰੀ ਵਜੋਂ ਲਾਲੂ ਪ੍ਰਸਾਦ ਦੇ ਕਾਰਜਕਾਲ ਨਾਲ ਸਬੰਧਤ ਹੈ।

ਈ.ਡੀ. ਨੇ ਦੋਸ਼ ਲਗਾਇਆ ਕਿ ਰਾਬੜੀ ਦੇਵੀ ਅਤੇ ਹੇਮਾ ਯਾਦਵ ਨੇ ਰੇਲਵੇ ਨਿਯੁਕਤੀਆਂ ਤੋਂ ‘ਗੈਰ-ਕਾਨੂੰਨੀ’ ਤੌਰ ’ਤੇ ਹਾਸਲ ਕੀਤੀ ਜ਼ਮੀਨ ਦੇ ਚਾਰ ਪਲਾਟ ਮੈਰੀਡੀਅਨ ਕੰਸਟ੍ਰਕਸ਼ਨ ਇੰਡੀਆ ਲਿਮਟਿਡ ਨੂੰ ਵੇਚ ਦਿਤੇ, ਜੋ ਕਿ ਸਾਬਕਾ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਸਈਦ ਅਬੂ ਦੋਜਾਨਾ ਨਾਲ ਸਬੰਧਕ ਕੰਪਨੀ ਹੈ ਅਤੇ ਇਸ ਨੂੰ ਪ੍ਰਾਪਤ ‘ਅਪਰਾਧ ਦੀ ਕਮਾਈ’ ਰਾਬੜੀ ਦੇਵੀ ਅਤੇ ਹੇਮਾ ਯਾਦਵ ਵਲੋਂ ਹਰਾਫਰੀ ਕਰ ਕੇ ਕ੍ਰਮਵਾਰ ਏ.ਬੀ. ਐਕਸਪੋਰਟਸ ਪ੍ਰਾਈਵੇਟ ਲਿਮਟਿਡ ਅਤੇ ਭਾਗੀਰਥੀ ਟਿਊਬਜ਼ ’ਚ ਤਬਦੀਲ ਕੀਤੀ ਗਈ ਹੈ।

ਬਿਆਨ ’ਚ ਕਿਹਾ ਗਿਆ ਹੈ ਕਿ ਭਾਗੀਰਥੀ ਟਿਊਬਸ ਇਕ ਭਾਈਵਾਲੀ ਫਰਮ ਹੈ ਜੋ ਹੇਮਾ ਯਾਦਵ ਦੇ ਸਹੁਰੇ ਅਤੇ ਪਤੀ ਦੇ ਕੰਟਰੋਲ ’ਚ ਹੈ, ਜਿਸ ਦਾ ਮੁੱਖ ਕਾਰੋਬਾਰ ਗਾਜ਼ੀਆਬਾਦ ਵਿਚ ਹੈ। ਦਿੱਲੀ ’ਚ ਨਿਊ ਫ੍ਰੈਂਡਜ਼ ਕਲੋਨੀ ’ਚ ਜਾਇਦਾਦ ਬਾਰੇ ਈਡੀ ਨੇ ਕਿਹਾ ਕਿ ਇਹ ਇਕ ਸੁਤੰਤਰ ਚਾਰ ਮੰਜ਼ਿਲਾ ਬੰਗਲਾ ਸੀ, ਜੋ ਏ.ਬੀ. ਐਕਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਨਾਮ ’ਤੇ ਰਜਿਸਟਰਡ ਹੈ, ਜਿਸ ਨੂੰ 2011 ਵਿਚ ਸਿਰਫ਼ 4 ਲੱਖ ਰੁਪਏ ਵਿੱਚ ਹਾਸਲ ਕੀਤਾ ਗਿਆ ਸੀ।

ਇਸ ਮਾਮਲੇ ’ਚ ਪਿਛਲੇ ਕੁਝ ਮਹੀਨਿਆਂ ’ਚ, ਈ.ਡੀ. ਨੇ ਲਾਲੂ ਪ੍ਰਸਾਦ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ - ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਰਾਸ਼ਟਰੀ ਜਨਤਾ ਦਲ ਦੇ ਰਾਜ ਸਭਾ ਮੈਂਬਰ ਮੀਸਾ ਭਾਰਤੀ, ਚੰਦਾ ਦੇਵੀ ਅਤੇ ਰਾਗਿਨੀ ਯਾਦਵ ਦੇ ਬਿਆਨ ਦਰਜ ਕੀਤੇ ਹਨ।

ਉਧਰ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇ ਈ.ਡੀ. ਦੀ ਇਸ ਕਾਰਵਾਈ ’ਤੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ। ਪਾਰਟੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਦੋਸ਼ ਲਾਇਆ ਕਿ ਏਜੰਸੀ ਦੇ ਮੁਖੀ ਸੰਜੇ ਕੁਮਾਰ ਮਿਸ਼ਰਾ ਦਾ ਕਾਰਜਕਾਲ ਸਿਰਫ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਵਧਾਇਆ ਗਿਆ ਹੈ। ਈ.ਡੀ. ਦੀ ਕੁਰਕੀ ਤੋਂ ਬਾਅਦ ਪਟਨਾ ’ਚ ਜਾਰੀ ਇਕ ਬਿਆਨ ’ਚ, ਆਰ.ਜੇ.ਡੀ. ਦੀ ਸੂਬਾਈ ਇਕਾਈ ਦੇ ਬੁਲਾਰੇ ਚਿਤਰੰਜਨ ਗਗਨ ਨੇ ਕਿਹਾ, ‘‘ਈਡੀ ਦੀ ਅੱਜ ਦੀ ਕਾਰਵਾਈ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਇਰਾਦਿਆਂ ਦਾ ਪਰਦਾਫਾਸ਼ ਕਰ ਦਿਤਾ ਹੈ... ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਈ.ਡੀ. ਮੁਖੀ ਸੰਜੇ ਕੁਮਾਰ ਮਿਸ਼ਰਾ ਦਾ ਐਕਸਟੈਂਸ਼ਨ ਘਟੀਆ ਸਿਆਸੀ ਮੰਤਵਾਂ ਨਾਲ ਕੀਤਾ ਗਿਆ ਸੀ ਅਤੇ ਇਸ ਦਾ ਉਦੇਸ਼ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਝੂਠੇ ਕੇਸਾਂ ਵਿਚ ਫਸਾਉਣਾ ਸੀ।’’
 

SHARE ARTICLE

ਏਜੰਸੀ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement