
ਕੁੜੀ ਦਾ ਹੱਥ ਟੱਬ ਦੇ ਅੰਦਰ ਫਸਿਆ ਹੋਇਆ ਸੀ, ਜਿਸ ਕਾਰਨ ਮਸ਼ੀਨ ਨੇ ਉਸ ਨੂੰ ਅੰਦਰ ਖਿੱਚ ਲਿਆ
ਨਵੀਂ ਦਿੱਲੀ: ਪਛਮੀ ਦਿੱਲੀ ਦੇ ਰੋਹਿਨੀ ਇਲਾਕੇ ’ਚ ਆਟਾ ਗੁੰਨਣ ਵਾਲੀ ਮਸ਼ੀਨ ’ਚ ਹੱਥ ਅਤੇ ਸਿਰ ਫਸਣ ਕਾਰਨ 15 ਸਾਲ ਦੀ ਕੁੜੀ ਦੀ ਮੌਤ ਹੋ ਗਈ। ਇਸ ਮਸ਼ੀਨ ਦੀ ਵਰਤੋਂ ਮੋਮੋਜ਼ ਅਤੇ ਸਪਰਿੰਗ ਰੋਲ ਬਣਾਉਣ ਲਈ ਕੀਤੀ ਜਾਂਦੀ ਸੀ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਿਸ ਮੁਤਾਬਕ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਬੇਗਮਪੁਰ ਇਲਾਕੇ ’ਚ ਵਾਪਰੀ, ਜਿੱਥੇ ਮਸ਼ੀਨ ਇਕ ਕਮਰੇ ’ਚ ਚੱਲ ਰਹੀ ਸੀ। ਉਸ ਨੇ ਕਿਹਾ ਕਿ ਪੀੜਤਾ ਕੰਮ ਕਰ ਰਹੀ ਸੀ ਜਦੋਂ ਉਸ ਦਾ ਹੱਥ ਮਸ਼ੀਨ ’ਚ ਫਸ ਗਿਆ ਅਤੇ ਉਸ ਦਾ ਸਿਰ ਆਟਾ ਗੁੰਨ੍ਹਣ ਵਾਲੇ ਟੱਬ ’ਚ ਚਲਾ ਗਿਆ।
ਪੁਲਿਸ ਨੇ ਦਸਿਆ ਕਿ ਮੰਗਲਵਾਰ ਸ਼ਾਮ 7:18 ਵਜੇ ਬੇਗਮਪੁਰ ਥਾਣੇ ’ਚ ਪੀ.ਸੀ.ਆਰ. ਨੂੰ ਫੋਨ ਆਇਆ ਕਿ ਬੇਗਮਪੁਰ ਇਲਾਕੇ ’ਚ ਹਨੂੰਮਾਨ ਚੌਕ ਨੇੜੇ ਆਟਾ ਗੁੰਨਣ ਵਾਲੀ ਮਸ਼ੀਨ ’ਚ ਇਕ ਲੜਕੀ ਫਸ ਗਈ ਹੈ।
ਉਨ੍ਹਾਂ ਕਿਹਾ ਕਿ ਸਾਡੀ ਟੀਮ ਮੌਕੇ ’ਤੇ ਪਹੁੰਚੀ ਅਤੇ ਵੇਖਿਆ ਕਿ ਮਸ਼ੀਨ ਵੱਡੀ ਨਹੀਂ ਸੀ, ਪਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਕੁੜੀ ਦਾ ਹੱਥ ਟੱਬ ਦੇ ਅੰਦਰ ਫਸਿਆ ਹੋਇਆ ਸੀ, ਜਿਸ ਕਾਰਨ ਮਸ਼ੀਨ ਨੇ ਉਸ ਨੂੰ ਅੰਦਰ ਖਿੱਚ ਲਿਆ।
ਅਧਿਕਾਰੀ ਨੇ ਦਸਿਆ ਕਿ ਜਦੋਂ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤਾਂ ਕੁੜੀ ਗੰਭੀਰ ਰੂਪ ਨਾਲ ਜ਼ਖਮੀ ਪਾਈ ਗਈ ਅਤੇ ਉਸ ਦਾ ਸਿਰ ਮਸ਼ੀਨ ’ਚ ਫਸਿਆ ਹੋਇਆ ਸੀ। ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਨੇ ਇਸ ਮਾਮਲੇ ’ਚ ਰਾਜੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤੀ ਨਿਆਂ ਸੰਹਿਤਾ ਦੀਆਂ ਵੱਖੋ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ।