
ਮਾਇਆਵਤੀ ਨੇ ਕਿਹਾ- 'OBC ਭਾਈਚਾਰੇ ਨੂੰ ਧੋਖਾ ਦੇਣ ਦੀ ਕੋਸ਼ਿਸ਼'
Lucknow News :ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਬੁਧਵਾਰ ਨੂੰ ਕਿਹਾ ਕਿ ਸੰਸਦ ’ਚ ਜਾਤੀ ਆਧਾਰਤ ਮਰਦਮਸ਼ੁਮਾਰੀ ਨੂੰ ਲੈ ਕੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰਾਂ ਵਿਚਾਲੇ ਝਗੜਾ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਭਾਈਚਾਰੇ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਜਾਤੀ ਆਧਾਰਤ ਮਰਦਮਸ਼ੁਮਾਰੀ ਵਰਗੇ ਕੌਮੀ ਮੁੱਦਿਆਂ ’ਤੇ ਗੰਭੀਰਤਾ ਵਿਖਾਉਣ ਦੀ ਜ਼ਰੂਰਤ ਹੈ।
ਮਾਇਆਵਤੀ ਨੇ ਬੁਧਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਅਪਣੇ ਅਧਿਕਾਰਤ ਹੈਂਡਲ ’ਤੇ ਕਿਹਾ, ‘‘ਕੱਲ੍ਹ ਸੰਸਦ ’ਚ ਕਾਂਗਰਸ ਅਤੇ ਭਾਜਪਾ ਵਿਚਾਲੇ ਝਗੜਾ, ਖਾਸ ਕਰ ਕੇ ਜਾਤੀ ਅਤੇ ਜਾਤੀ ਮਰਦਮਸ਼ੁਮਾਰੀ ਨੂੰ ਲੈ ਕੇ, ਅਸਲ ’ਚ ਇਕ ਨਾਟਕੀ ਅਤੇ ਓ.ਬੀ.ਸੀ. ਭਾਈਚਾਰੇ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੈ ਕਿਉਂਕਿ ਉਨ੍ਹਾਂ ਦੇ ਰਾਖਵੇਂਕਰਨ ਨੂੰ ਲੈ ਕੇ ਦੋਹਾਂ ਪਾਰਟੀਆਂ ਦਾ ਇਤਿਹਾਸ ਪਰਦੇ ਦੇ ਪਿੱਛੇ ਵੀ ਖੁੱਲ੍ਹੇਆਮ ਅਤੇ ਸਪੱਸ਼ਟ ਤੌਰ ’ਤੇ ਓ.ਬੀ.ਸੀ. ਵਿਰੋਧੀ ਰਿਹਾ ਹੈ। ਉਨ੍ਹਾਂ ’ਤੇ ਵਿਸ਼ਵਾਸ ਕਰਨਾ ਸਹੀ ਨਹੀਂ ਹੈ।’’
ਉਨ੍ਹਾਂ ਕਿਹਾ ਕਿ ਬਸਪਾ ਦੇ ਯਤਨਾਂ ਸਦਕਾ ਇੱਥੇ ਲਾਗੂ ਹੋਏ ਓ.ਬੀ.ਸੀ. ਰਾਖਵੇਂਕਰਨ ਵਾਂਗ ਕੌਮੀ ਜਾਤੀ ਮਰਦਮਸ਼ੁਮਾਰੀ ਵੀ ਲੋਕ ਹਿੱਤ ਦਾ ਵਿਸ਼ੇਸ਼ ਕੌਮੀ ਮੁੱਦਾ ਹੈ ਅਤੇ ਕੇਂਦਰ ਨੂੰ ਇਸ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। ਦੇਸ਼ ਦੇ ਵਿਕਾਸ ’ਚ ਕਰੋੜਾਂ ਗਰੀਬਾਂ, ਪਛੜਿਆਂ ਅਤੇ ਬਹੁਜਨਾਂ ਦਾ ਵੀ ਅਧਿਕਾਰ ਹੈ, ਜਿਸ ਨੂੰ ਪੂਰਾ ਕਰਨ ’ਚ ਜਾਤ ਮਰਦਮਸ਼ੁਮਾਰੀ ਦੀ ਮਹੱਤਵਪੂਰਨ ਭੂਮਿਕਾ ਹੈ।