
ਜੇਈਈ ਦੀ ਮੁੱਖ ਪ੍ਰੀਖਿਆ ਅੱਜ, ਵਿਆਪਕ ਪ੍ਰਬੰਧ
ਨਵੀਂ ਦਿੱਲੀ, 31 ਅਗੱਸਤ : ਕੌਮੀ ਪ੍ਰੀਖਿਆ ਏਜੰਸੀ ਮੰਗਲਵਾਰ ਤੋਂ ਇੰਜਨੀਅਰਿੰਗ ਕਾਲਜਾਂ ਵਿਚ ਦਾਖ਼ਲੇ ਲਈ ਜੇਈਈ ਮੁੱਖ ਪ੍ਰੀਖਿਆ ਕਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੋਵਿਡ-19 ਕਾਰਨ ਪ੍ਰੀਖਿਆ ਕੇਂਦਰਾਂ ਵਿਚ ਇਕ ਦੂਜੇ ਤੋਂ ਦੂਰੀ ਕਾਇਮ ਰੱਖਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉੜੀਸਾ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਵਿਦਿਆਰਥੀਆਂ ਨੂੰ ਆਵਾਜਾਈ ਦੇ ਸਾਧਨ ਮੁਹਈਆ ਕਰਾਉਣ ਦਾ ਭਰੋਸਾ ਦਿਤਾ ਗਿਆ ਹੈ। ਇਸ ਤੋਂ ਇਲਾਵਾ ਆਈਆਈਟੀ ਦੇ ਸਾਬਕਾ ਵਿਦਿਆਰਥੀਆਂ ਦੇ ਸਮੂਹ ਨੇ ਲੋੜਵੰਦ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਪਹੁੰਚਣ ਲਈ ਆਵਾਜਾਈ ਦੇ ਸਾਧਨ ਮੁਹਈਆ ਕਰਾਉਣ ਵਾਸਤੇ ਪੋਰਟਲ ਲਾਂਚ ਕੀਤਾ ਹੈ।
image
ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਪ੍ਰੀਖਿਆਰਥੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਜੇਈਈ ਦੀਆਂ ਪ੍ਰੀਖਿਆਵਾਂ 1 ਤੋਂ 6 ਸਤੰਬਰ ਜਦਕਿ ਨੀਟ ਦੀ ਪ੍ਰੀਖਿਆ 13 ਸਤੰਬਰ ਨੂੰ ਹੋਣੀ ਹੈ। ਜੇਈਈ ਮੁੱਖ ਲਈ 8.58 ਲੱਖ ਪ੍ਰੀਖਿਆਰਥੀ ਜਦਕਿ ਨੀਟ ਲਈ 15.97 ਲੱਖ ਵਿਦਿਆਰਥੀਆਂ ਨੇ ਪੰਜੀਕਰਣ ਕਰਾਇਆ ਹੈ। ਸਿਖਿਆ ਮੰਤਰੀ ਨਿਸ਼ੰਕ ਨੇ ਕਿਹਾ, 'ਮੈਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਔਖੇ ਹਾਲਾਤ ਵਿਚ ਉਹ ਪ੍ਰੀਖਿਆਰਥੀਆਂ ਦੀ ਮਦਦ ਕਰਨ ਤਾਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਗਾ।' (ਏਜੰਸੀ)