
ਉਨ੍ਹਾਂ ਦਾ ਮਾਰਗ ਦਰਸ਼ਨ ਮੈਂ ਕਦੇ ਨਹੀਂ ਭੁੱਲ ਸਕਾਂਗਾ, ਸੱਤ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ
ਨਵੀਂ ਦਿੱਲੀ, 31 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਵੱਡੇ ਵਿਦਵਾਨ ਅਤੇ ਉੱਚ ਕੋਟੀ ਦੇ ਸਿਆਸਤਦਾਨ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਪਹਿਲੇ ਦਿਨ ਤੋਂ ਹੀ ਪ੍ਰਣਬ ਦਾ ਮਾਰਗਦਰਸ਼ਨ, ਸਮਰਥਨ ਅਤੇ ਆਸ਼ੀਰਵਾਦ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਨੂੰ ਉਹ ਕਦੇ ਨਹੀਂ ਭੁੱਲ ਸਕਣਗੇ। ਮੋਦੀ ਨੇ ਟਵਿਟਰ 'ਤੇ ਲਿਖਿਆ, 'ਪ੍ਰਮੁੱਖ ਨੀਤੀਗਤ ਮੁੱਦਿਆਂ 'ਤੇ ਉਨ੍ਹਾਂ ਦੀ ਗਿਆਨਪੂਰਨ ਸਲਾਹ ਮੈਂ ਕਦੇ ਨਹੀਂ ਭੁੱਲ ਸਕਾਂਗਾ।' ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਅਪਣੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਕ ਤਸਵੀਰ ਵਿਚ ਉਹ ਮੁਖਰਜੀ ਦੇ ਪੈਰ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਰਾਸ਼ਟਰਪਤੀ ਭਵਨ ਤਕ ਆਮ ਆਦਮੀ ਦੀ ਪਹੁੰਚ ਸੌਖੀ ਕਰ ਦਿਤੀ ਸੀ। ਮੁਖਰਜੀ ਦੇ ਦਿਹਾਂਤ 'ਤੇ ਸੱਤ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪ੍ਰਣਬ ਮੁਖਰਜੀ ਦਾ ਦਿਹਾਂਤ ਇਕ ਯੁਗ ਦਾ ਅੰਤ ਹੈ ਅਤੇ ਦੇਸ਼ ਨੇ ਅਪਣੇ ਬੇਮਿਸਾਲ ਪੁੱਤਰ ਗਵਾ ਦਿਤਾ ਹੈ।
ਉਨ੍ਹਾਂ ਟਵਿਟਰ 'ਤੇ ਕਿਹਾ, 'ਸਾਬਕਾ ਰਾਸ਼ਟਰਪਤੀ ਦੇ ਦਿਹਾਂਤ 'ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਭਾਰਤ ਮਾਤਾ ਦੀ ਸੇਵਾ ਇਕ ਸੰਤ ਵਾਂਗ ਕੀਤੀ। ਉਨ੍ਹਾਂ ਦੇ ਪਰਵਾਰ, ਦੋਸਤਾਂ ਅਤੇ ਨਾਗਰਿਕਾਂ ਨਾਲ ਦੁੱਖ ਸਾਂਝਾ ਕਰਦਾ ਹਾਂ।' ਉਨ੍ਹਾਂ ਕਿਹਾ ਕਿ ਉਹ ਆਸਾਧਾਰਣ ਵਿਵੇਕ ਦੇ ਧਨੀ, ਭਾਰਤ ਰਤਨ ਮੁਖਰਜੀ ਦੇ ਵਿਅਕਤੀਤਵ ਵਿਚ ਰਵਾਇਤ ਅਤੇ ਆਧੁਨਿਕਤਾ ਦਾ ਅਨੂਠਾ ਸੰਗਮ ਸੀ।
ਮੁਖਰਜੀ ਦਾ ਰਾਜਸੀ ਸਫ਼ਰ 1969 ਵਿਚ ਬਾਂਗਲਾ ਕਾਂਗਰਸ ਦੇ ਉਮੀਦਵਾਰ ਵਜੋਂ ਰਾਜ ਸਭਾ ਮੈਂਬਰ ਬਣਨ ਨਾਲ ਸ਼ੁਰੂ ਹੋਇਆ। ਬਾਅਦ ਵਿਚ ਇਸ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਹੋ ਗਿਆ। ਸਾਲ 1982 ਵਿਚ ਉਹ ਭਾਰਤ ਦੇ ਸੱਭ ਤੋਂ ਨੌਜਵਾਨ ਵਿੱਤ ਮੰਤਰੀ ਬਣੇ। ਤਦ ਉਹ 47 ਸਾਲ ਦੇ ਸਨ। ਫਿਰ ਉਹ ਵਿਦੇਸ਼ ਮੰਤਰੀ, ਰਖਿਆ ਮੰਤਰੀ ਅਤੇ ਵਿੱਤ ਤੇ ਵਣਜ ਮੰਤਰੀ ਬਣੇ। ਉਨ੍ਹਾਂ ਇੰਦਰਾ ਗਾਂਧੀ, ਪੀ ਵੀ ਨਰਸਿਮ੍ਹਾ ਰਾਉ ਅਤੇ ਡਾ. ਮਨਮੋਹਨ ਸਿੰਘ ਜਿਹੇ ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ।
ਪਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਮਿਰਾਤੀ ਪਿੰਡ ਵਿਚ 11 ਦਸੰਬਰ 1935 ਨੂੰ ਜਨਮੇ ਮੁਖਰਜੀ ਨੂੰ ਜੀਵਨ ਦੀ ਮੁਢਲੀ ਸਿਖਿਆ ਅਪਣੇ ਆਜ਼ਾਦੀ ਘੁਲਾਟੀਏ ਮਾਤਾ ਪਿਤਾ ਤੋਂ ਮਿਲੀ। ਰਾਸ਼ਟਰਪਤੀ ਬਣਨ ਮਗਰੋਂ ਵੀ ਉਹ ਅਪਣੇ ਪਿੰਡ ਜਾਂਦੇ ਹੁੰਦੇ ਸਨ। ਉਥੇ ਉਹ ਮੰਤਰੀ ਅਤੇ ਰਾਸ਼ਟਰਪਤੀ ਹੁੰਦਿਆਂ ਵੀ ਧੋਤੀ ਪਾਈ ਰਵਾਇਤੀ ਪੂਜਾ ਕਰਦੇ ਸਨ। ਸਾਲ 2015 ਵਿਚ ਉਨ੍ਹਾਂ ਦੀ ਪਤਨੀ ਸ਼ੁਭਾ ਮੁਖਰਜੀ ਸਾਥ ਛੱਡ ਗਈ ਸੀ। ਉਨ੍ਹਾਂ ਦੇ ਦੋ ਪੁੱਤਰ ਅਤੇ ਇਕ ਪੁਤਰੀ ਹੈ।
ਪ੍ਰਣਬ ਦੇ ਜਾਣ ਨਾਲ ਬੇਹੱਦ ਦੁਖੀ ਹਾਂ : ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਣÎਬ ਮੁਖਰਜੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਉਹ ਬੇਹੱਦ ਦੁਖੀ ਹਨ। ਉਨ੍ਹਾਂ ਕਿਹਾ, 'ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਿਚ ਖ਼ੁਦ ਨੂੰ ਦੇਸ਼ ਨਾਲ ਜੋੜਦਾ ਹਾਂ। ਉਨ੍ਹਾਂ ਦੇ ਪਰਵਾਰ ਅਤੇ ਮਿੱਤਰਾਂ ਨਾਲ ਡੂੰਘੀ ਹਮਦਰਦੀ ਹੈ।' ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ, 'ਮੁਖਰਜੀ ਮਹਾਨ ਰਾਜਨੇਤਾ ਸਨ ਅਤੇ ਉਨ੍ਹਾਂ ਦੇ ਜਾਣ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਅਰਥਚਾਰੇ ਤੋਂ ਲੈ ਕੇ ਆਮ ਲੋਕਾਂ ਦੇ ਮੁੱਦਿਆਂ ਬਾਰੇ ਡੂੰਘੀ ਸਮਝ ਸੀ। ਉਨ੍ਹਾਂ ਦੇ ਯੋਗਦਾਨ ਲਈ ਹਮੇਸ਼ਾ ਉਨ੍ਹਾਂ ਦਾ ਰਿਣੀ ਰਹਾਂਗਾ।'