
ਮੁਲਜ਼ਮ ਨੇ ਖ਼ੁਦ ਨੂੰ ਦੱਸਿਆ ਹਸਪਤਾਲ ਦਾ ਮੁਲਾਜ਼ਮ, ਟੀਕਾਕਰਨ ਬਹਾਨੇ ਮਾਂ ਤੋਂ ਲਿਆ ਬੱਚਾ
ਮੇਰਠ: ਸਥਾਨਕ ਐਲਐਲਆਰਐਮ ਮੈਡੀਕਲ ਕਾਲਜ ਤੋਂ ਇੱਕ ਦਿਨ ਦਾ ਨਵਜੰਮਿਆ ਬੱਚਾ ਚੋਰੀ ਹੋ ਗਿਆ। ਮੁਲਜ਼ਮ ਹਸਪਤਾਲ ਦੇ ਜੱਚਾ-ਬੱਚਾ ਵਾਰਡ ਨੇੜੇ ਘੁੰਮ ਰਿਹਾ ਸੀ, ਅਤੇ ਖ਼ੁਦ ਨੂੰ ਹਸਪਤਾਲ ਦਾ ਮੁਲਾਜ਼ਮ ਦੱਸ ਕੇ ਉਹ ਟੀਕਾ ਲਗਵਾਉਣ ਦੇ ਬਹਾਨੇ ਮਾਂ ਤੋਂ ਨਵਜੰਮੇ ਬੱਚੇ ਨੂੰ ਲੈ ਗਿਆ। ਕਾਫ਼ੀ ਦੇਰ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਬੱਚਾ ਅਤੇ ਉਕਤ ਦੋਸ਼ੀ ਦੋਵੇਂ ਕਿਤੇ ਨਾ ਮਿਲਣ 'ਤੇ ਸਟਾਫ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਹੰਗਾਮਾ ਹੋ ਗਿਆ।
ਸੀਸੀਟੀਵੀ ਫੁਟੇਜ ਵਿੱਚ ਦੋਸ਼ੀ ਬੱਚੇ ਨੂੰ ਗੋਦੀ 'ਚ ਚੁੱਕਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਦੋਸ਼ੀ ਦਾ ਚਿਹਰਾ ਮਾਸਕ ਨਾਲ ਢਕਿਆ ਹੋਇਆ ਸੀ। ਕਿਥੋਰ ਦੇ ਪਿੰਡ ਮਹਿਲਵਾਲਾ ਦੀ ਰਹਿਣ ਵਾਲੀ ਡੋਲੀ ਨੇ ਬੇਟੇ ਨੂੰ ਜਨਮ ਦਿੱਤਾ। ਜਣੇਪੇ ਤੋਂ ਬਾਅਦ ਮਾਂ ਅਤੇ ਬੱਚੇ ਨੂੰ ਗਾਇਨੀਕਾਲੋਜੀ ਵਾਰਡ ਵਿਚ ਰੱਖਿਆ ਗਿਆ। ਇੱਕ ਨੌਜਵਾਨ ਲੜਕਾ ਡੋਲੀ ਕੋਲ ਪਹੁੰਚਿਆ, ਅਤੇ ਕਿਹਾ, "ਭੈਣ ਜੀ, ਮੈਂ ਮੈਡੀਕਲ ਕਾਲਜ ਦਾ ਮੁਲਾਜ਼ਮ ਹਾਂ। ਬੱਚੇ ਦਾ ਟੀਕਾਕਰਨ ਹੋਣਾ ਹੈ।" ਉਸ ਸਮੇਂ ਡੋਲੀ ਦਾ ਪਤੀ ਚਾਹ ਪੀਣ ਲਈ ਬਾਹਰ ਗਿਆ ਹੋਇਆ ਸੀ। ਡੋਲੀ ਨੇ ਮੈਡੀਕਲ ਕਾਲਜ ਦਾ ਸਟਾਫ਼ ਮੈਂਬਰ ਸਮਝ ਕੇ ਬੱਚਾ ਉਸ ਦੇ ਹਵਾਲੇ ਕਰ ਦਿੱਤਾ। ਲੜਕਾ ਬੱਚੇ ਨੂੰ ਕੱਪੜੇ ਵਿਚ ਲਪੇਟ ਕੇ ਬਾਹਰ ਆਇਆ। ਕਾਫ਼ੀ ਦੇਰ ਬਾਅਦ ਡੋਲੀ ਨੂੰ ਸਮਝ ਆਈ, ਕਿ ਜਿਸ ਨੂੰ ਉਸ ਨੇ ਬੱਚਾ ਸੌਂਪਿਆ, ਉਹ ਮੈਡੀਕਲ ਕਾਲਜ ਦਾ ਸਟਾਫ਼ ਮੈਂਬਰ ਹੀ ਨਹੀਂ ਸੀ।
ਨਵਜੰਮੇ ਬੱਚੇ ਨੂੰ ਚੋਰੀ ਕਰਨ ਵਾਲੇ ਲੜਕੇ ਦੀ ਉਮਰ ਕਰੀਬ 35 ਸਾਲ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹ ਲੜਕਾ ਵਾਰਡ ਦੇ ਆਸ-ਪਾਸ ਘੁੰਮ ਰਿਹਾ ਸੀ। ਇਸ ਨੇ ਡੋਲੀ ਦੇ ਪਤੀ ਨੂੰ ਕਿਹਾ ਸੀ, "ਮੈਂ ਇੱਥੇ ਇੱਕ ਕਰਮਚਾਰੀ ਹਾਂ। ਜੇਕਰ ਕੋਈ ਸਮੱਸਿਆ ਹੋਵੇ, ਤਾਂ ਮੈਨੂੰ ਦੱਸੋ।" ਉਹ ਗੈਲਰੀ ਵਿਚ ਕਈ ਵਾਰ ਡੋਲੀ ਦੇ ਪਤੀ ਨੂੰ ਮਿਲਿਆ। ਡੋਲੀ ਦੇ ਪਤੀ ਨੇ ਦੱਸਿਆ ਕਿ ਬੱਚੇ ਨੂੰ ਚੋਰੀ ਕਰਨ ਵਾਲੇ ਨੌਜਵਾਨ ਨਾਲ ਇੱਕ ਉਸ ਦਾ ਸਾਥੀ ਵੀ ਸੀ।
ਬੱਚਾ ਚੋਰੀ ਦੀ ਘਟਨਾ ਨੇ ਮੈਡੀਕਲ ਕਾਲਜ ਵਿਚ ਹੜਕੰਪ ਮਚਾ ਦਿੱਤਾ ਹੈ। ਸੂਚਨਾ ਤੁਰੰਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੱਕ ਪਹੁੰਚੀ। ਉਸ ਨੇ ਪੁਲਿਸ ਨੂੰ ਬੁਲਾਇਆ। ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀਆਂ, ਅਤੇ ਪੁਲੀਸ ਦੀਆਂ ਦੋ ਟੀਮਾਂ ਮੁਲਜ਼ਮਾਂ ਦੀ ਭਾਲ ’ਚ ਜੁੱਟ ਗਈਆਂ।
ਨਵਜੰਮੇ ਬੱਚੇ ਦੀ ਮਾਂ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮੈਡੀਕਲ ਕਾਲਜ ਪ੍ਰਸ਼ਾਸਨ ਨੇ ਗਾਇਨੀ ਵਾਰਡ ਵੱਲ ਬਾਹਰੀ ਵਿਅਕਤੀਆਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇੱਥੇ ਮੈਡੀਕਲ ਕਾਲਜ ਦੇ ਸਟਾਫ਼ ਨੂੰ ਹਿਦਾਇਤ ਕੀਤੀ ਗਈ ਹੈ ਕਿ ਮੈਡੀਕਲ ਸਟਾਫ਼ ਤੋਂ ਇਲਾਵਾ ਕਿਸੇ ਨੂੰ ਵੀ ਗਾਇਨੀਕਾਲੋਜੀ ਵਾਰਡ ’ਚ ਦਾਖਲ ਨਾ ਹੋਣ ਦਿੱਤਾ ਜਾਵੇ।
ਆਪਣੀ ਸਕੂਟੀ 'ਤੇ ਮੁੱਖ ਗੇਟ ਵੱਲ ਜਾਂਦੇ ਹੋਏ ਬੱਚੇ ਨੂੰ ਚੋਰੀ ਕਰਨ ਵਾਲਾ ਨੌਜਵਾਨ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ। ਉਸ ਦੀਆਂ ਤਸਵੀਰਾਂ ਪੁਲਿਸ ਨੇ ਸਾਰੇ ਥਾਣਿਆਂ ਨੂੰ ਭੇਜ ਦਿੱਤੀਆਂ ਗਈਆਂ ਹਨ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੇ-ਕਿਹੜੇ ਘਰਾਂ 'ਚ ਨਵਜੰਮੇ ਬੱਚੇ ਮੌਜੂਦ ਹਨ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਪੂਰੇ ਘਟਨਾਕ੍ਰਮ ਦੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਘਟਨਾ ਨੇ ਮੈਡੀਕਲ ਕਾਲਜ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।