
ਜਬਲਪੁਰ ਦੇ ਰਹਿਣ ਵਾਲੇ ਹਨ ਸਾਰੇ ਮੁਲਜ਼ਮ
ਜਬਲਪੁਰ: ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਵਿਖੇ ਚੋਰਾਂ ਵੱਲੋਂ ਗਹਿਣਿਆਂ ਦੇ ਇੱਕ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਣ ਦੇ ਦੋ ਹਫ਼ਤੇ ਬਾਅਦ ਬੁੱਧਵਾਰ ਨੂੰ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 5.43 ਕਰੋੜ ਰੁਪਏ ਦੀ ਕੀਮਤ ਦੇ 10.25 ਕਿੱਲੋ ਵਜ਼ਨੀ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਦੋਸ਼ੀ ਗ਼ੁਲਾਮ ਮੁਸਤਫ਼ਾ ਉਰਫ਼ ਗੋਪੀ (42) ਨੇ ਆਪਣਾ ਕਰਜ਼ਾ ਮੋੜਨਾ ਸੀ, ਇਸ ਲਈ ਉਸ ਨੇ ਬੈਜੂਦੀਨ ਜੁਨੈਦ (32) ਅਤੇ ਆਰਿਫ਼ (28) ਨਾਂਅ ਦੇ ਦੋ ਹੋਰ ਵਿਅਕਤੀਆਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸਾਰੇ ਮੁਲਜ਼ਮ ਜਬਲਪੁਰ ਦੇ ਰਹਿਣ ਵਾਲੇ ਹਨ।
ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਚੋਰੀ 15 ਅਤੇ 16 ਅਗਸਤ ਦੀ ਦਰਮਿਆਨੀ ਰਾਤ ਨੂੰ ਹੋਈ ਸੀ। ਸ਼ੋਅਰੂਮ ਦੇ ਮਾਲਕ ਸੁਨੀਲ ਕੁਮਾਰ ਜੈਨ ਨੇ ਇਸ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਉਹਨਾਂ ਕਿਹਾ ਕਿ ਬੁੱਧਵਾਰ ਨੂੰ ਪੁਲਿਸ ਨੇ ਜਬਲਪੁਰ ਤੋਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ 5.43 ਕਰੋੜ ਰੁਪਏ ਦੀ ਕੀਮਤ ਦੇ 10.25 ਕਿਲੋਗ੍ਰਾਮ ਚੋਰੀ ਦੇ ਸੋਨੇ ਦੇ ਗਹਿਣੇ, ਇਕ ਕਟਰ, ਇਕ ਮੋਟਰਸਾਈਕਲ ਅਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ।
ਦੋਸ਼ੀਆਂ ਖ਼ਿਲਾਫ਼ ਭਗਵਾਨਗੰਜ ਪੁਲਿਸ ਸਟੇਸ਼ਨ 'ਚ ਭਾਰਤੀ ਦੰਡਾਵਲੀ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੁੱਛਗਿੱਛ ਦੌਰਾਨ ਮੁਸਤਫ਼ਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਵਾਹਨਾਂ ਦੀ ਖਰੀਦੋ-ਫ਼ਰੋਖਤ ਦੇ ਕਾਰੋਬਾਰ 'ਚ ਆਪਣੇ ਸਿਰ ਚੜ੍ਹੇ ਕਰਜ਼ੇ ਨੂੰ ਚੁਕਾਉਣ ਲਈ ਇਹ ਵਾਰਦਾਤ ਕੀਤੀ। ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਅਪਰਾਧ ਵਿੱਚ ਵਰਤੀ ਗਈ ਗੱਡੀ ਅਤੇ ਚੋਰਾਂ ਦਾ ਪਤਾ ਲਗਾਇਆ।