
ਫ਼ੌਕਸਕਾਨ ਨੇ ਸੰਕਰਮਿਤ ਕਰਮਚਾਰੀਆਂ ਦੀ ਗਿਣਤੀ ਅਤੇ ਉਨ੍ਹਾਂ ਦੇ ਇਲਾਜ ਦੇ ਤੌਰ-ਤਰੀਕਿਆਂ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ
ਬੀਜਿੰਗ - ਫ਼ੋਨ ਨਿਰਮਾਤਾ ਐਪਲ ਦੇ ਚੀਨ ਦੇ ਝੇਂਗਜ਼ੂ ਵਿੱਚ ਆਈਫ਼ੋਨ ਨਿਰਮਾਣ ਪਲਾਂਟ ਵਿੱਚ ਕੋਰੋਨਾ ਵਾਇਰਸ ਫ਼ੈਲਣ ਦੇ ਡਰੋਂ ਵੱਡੀ ਗਿਣਤੀ ਵਿੱਚ ਕਾਮਿਆਂ ਨੇ ਕੰਮ ਛੱਡ ਦਿੱਤਾ ਹੈ। ਝੇਂਗਜ਼ੂ ਵਿੱਚ ਸਥਿਤ ਇਹ ਫ਼ੈਕਟਰੀ ਐਪਲ ਦੇ ਸਭ ਤੋਂ ਪ੍ਰਸਿੱਧ ਉਤਪਾਦ ਆਈਫ਼ੋਨ ਦੇ ਨਿਰਮਾਣ ਦਾ ਸਭ ਤੋਂ ਵੱਡਾ ਕੇਂਦਰ ਹੈ। ਕਰੀਬ ਦੋ ਲੱਖ ਕਰਮਚਾਰੀਆਂ ਵਾਲੇ ਇਸ ਪਲਾਂਟ ਨੂੰ ਫ਼ੌਕਸਕਾਨ ਚਲਾਉਂਦੀ ਹੈ।
ਇੱਕ ਕਰਮਚਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਫ਼ੈਕਟਰੀ ਦੀਆਂ ਅਸੈਂਬਲੀ ਲਾਈਨਾਂ 'ਤੇ ਤਾਇਨਾਤ ਕਰਮਚਾਰੀਆਂ ਦੇ ਸੰਕਰਮਿਤ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਅਜਿਹੇ ਹਾਲਾਤਾਂ 'ਚ ਕਰਮਚਾਰੀ ਡਰੇ ਹੋਏ ਹਨ ਅਤੇ ਉਨ੍ਹਾਂ ਨੇ ਉਤਪਾਦਨ ਦਾ ਕੰਮ ਛੱਡਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਫ਼ੌਕਸਕਾਨ ਵੱਲੋਂ ਕਿਹਾ ਗਿਆ ਹੈ ਕਿ ਫ਼ੈਕਟਰੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਬਾਹਰੀ ਲੋਕਾਂ ਨਾਲ ਕੋਈ ਸੰਪਰਕ ਨਹੀਂ ਹੁੰਦਾ, ਅਤੇ ਇਨਫ਼ੈਕਸ਼ਨ ਨੂੰ ਕਾਬੂ 'ਚ ਰੱਖਣ ਲਈ ਪ੍ਰਬੰਧਕਾਂ ਵੱਲੋਂ 'ਬੰਦ-ਲੂਪ' ਤਰੀਕਾ ਅਪਣਾਇਆ ਜਾ ਰਿਹਾ ਹੈ।
ਫ਼ੌਕਸਕਾਨ ਨੇ ਸੰਕਰਮਿਤ ਕਰਮਚਾਰੀਆਂ ਦੀ ਗਿਣਤੀ ਅਤੇ ਉਨ੍ਹਾਂ ਦੇ ਇਲਾਜ ਦੇ ਤੌਰ-ਤਰੀਕਿਆਂ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ। ਕੋਵਿਡ ਸੰਕ੍ਰਮਣ ਦੇ ਵਧਣ ਕਾਰਨ ਆਈਫ਼ੋਨ ਨਿਰਮਾਣ 'ਤੇ ਪੈਣ ਵਾਲੇ ਪ੍ਰਭਾਵ ਬਾਰੇ, ਫ਼ੌਕਸਕਾਨ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਖਦਸ਼ੇ ਨੂੰ ਦੂਰ ਕਰਨ ਲਈ ਹੋਰ ਫ਼ੈਕਟਰੀਆਂ ਨਾਲ ਤਾਲਮੇਲ ਕਰੇਗਾ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਫ਼ੈਕਟਰੀ ਦੇ ਕਿੰਨੇ ਮਜ਼ਦੂਰ ਜਾ ਚੁੱਕੇ ਹਨ। ਪਰ ਝੇਂਗਜ਼ੂ ਫ਼ੈਕਟਰੀ ਦੇ ਵਰਕਰਾਂ ਤੇ ਸੋਸ਼ਲ ਮੀਡੀਆ ਫ਼ੋਰਮ 'ਤੇ ਉਪਲਬਧ ਜਾਣਕਾਰੀ ਅਨੁਸਾਰ ਫ਼ੌਕਸਕਾਨ ਦੀ ਫ਼ੈਕਟਰੀ ਦੇ ਲਗਭਗ ਇੱਕ ਲੱਖ ਕਾਮੇ ਜਾ ਚੁੱਕੇ ਹਨ।