
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੋਰੋਨਾ ਟੀਕਾਕਰਨ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੋਰੋਨਾ ਟੀਕਾਕਰਨ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ 2021 ਵਿਚ ਸਾਰਿਆਂ ਨੂੰ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾਣਗੀਆਂ ਪਰ ਇਹ ਪੂਰਾ ਨਹੀਂ ਹੋਇਆ। ਉਹਨਾਂ ਨੇ ਟਵੀਟ ਕਰਦਿਆਂ ਕਿਹਾ, “ਕੇਂਦਰ ਸਰਕਾਰ ਦਾ ਵਾਅਦਾ ਸੀ ਕਿ 2021 ਦੇ ਅਖੀਰ ਤੱਕ ਹਰ ਕਿਸੇ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲਗਾ ਦਿੱਤੀਆਂ ਜਾਣਗੀਆਂ। ਅੱਜ ਸਾਲ ਦਾ ਅੰਤ ਹੈ- ਦੇਸ਼ ਅਜੇ ਵੀ ਵੈਕਸੀਨ ਤੋਂ ਦੂਰ, ਇਕ ਹੋਰ ਜੁਮਲਾ ਚਕਨਾਚੂਰ!”
Rahul Gandhi
ਇਸ ਟਵੀਟ ਦੇ ਨਾਲ ਰਾਹੁਲ ਗਾਂਧੀ ਨੇ ਕੋਰੋਨਾ ਦੀ ਤੀਜੀ ਲਹਿਰ ਨਾਲ ਸਬੰਧਤ ਖ਼ਬਰ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ। ਦੱਸ ਦੇਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਓਮੀਕਰੋਨ ਦੇ ਨਵੇਂ ਰੂਪ ਦੇ ਮਾਮਲੇ 1200 ਦੇ ਪਾਰ ਪਹੁੰਚ ਗਏ ਹਨ। ਪਿਛਲੇ 24 ਘੰਟਿਆਂ ਵਿਚ 309 ਨਵੇਂ ਕੇਸਾਂ ਦੇ ਆਉਣ ਨਾਲ, ਕੁੱਲ ਗਿਣਤੀ 1,270 ਹੋ ਗਈ ਹੈ।
Tweet
ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ 23 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਓਮੀਕਰੋਨ ਦੇ 1,270 ਮਾਮਲੇ ਸਾਹਮਣੇ ਆਏ ਹਨ ਅਤੇ 374 ਲੋਕ ਠੀਕ ਹੋ ਚੁੱਕੇ ਹਨ ਜਾਂ ਦੇਸ਼ ਛੱਡ ਚੁੱਕੇ ਹਨ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 450 ਮਾਮਲੇ ਹਨ। ਇਸ ਤੋਂ ਬਾਅਦ ਦਿੱਲੀ ਵਿਚ 320, ਕੇਰਲ ਵਿਚ 109 ਅਤੇ ਗੁਜਰਾਤ ਵਿਚ 97 ਮਾਮਲੇ ਸਾਹਮਣੇ ਆਏ ਹਨ।
Omicron
ਇਸ ਦੇ ਨਾਲ ਹੀ ਜੇਕਰ ਕੋਰੋਨਾ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਕਰੀਬ 64 ਦਿਨਾਂ ਬਾਅਦ ਕੋਰੋਨਾ ਦੇ ਨਵੇਂ ਕੇਸ 16,000 ਦਾ ਅੰਕੜਾ ਪਾਰ ਕਰ ਗਏ ਹਨ, ਜਿਸ ਨਾਲ ਭਾਰਤ ਵਿਚ ਕੋਵਿਡ -19 ਦੇ ਕੁੱਲ ਕੇਸਾਂ ਦੀ ਗਿਣਤੀ 3,48,38,804 ਹੋ ਗਈ ਹੈ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 91,361 ਹੋ ਗਈ ਹੈ। ਇਕ ਦਿਨ 'ਚ 220 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 4,81,080 ’ਤੇ ਪਹੁੰਚ ਗਈ ਹੈ।