1100 ਤੋਂ ਵੱਧ ਲੋਕ ਹੋਏ ਪ੍ਰਭਾਵਤ, 27 ਹਸਪਤਾਲਾਂ ’ਚ 140 ਮਰੀਜ਼ ਦਾਖ਼ਲ
ਇੰਦੌਰ (ਮੱਧ ਪ੍ਰਦੇਸ਼): ਦੇਸ਼ ਦੇ ਸਭ ਤੋਂ ਸਵੱਛ ਇੰਦੌਰ ’ਚ ਗੰਧਲਾ ਪਾਣੀ ਪੀਣ ਕਾਰਨ ਉਲਟੀਆਂ-ਦਸਤ ਨਾਲ ਲੋਕਾਂ ਦੀ ਮੌਤ ਦੇ ਅੰਕੜੇ ਨੂੰ ਲੈ ਕੇ ਦੁਚਿੱਤੀ ਵਿਚਕਾਰ ਮੇਅਰ ਪੁਸ਼ਪਮਿੱਤਰ ਭਾਰਗਵ ਨੇ ਕਿਹਾ ਕਿ ਇਸ ਪ੍ਰਕੋਪ ’ਚ ਹੁਣ ਤਕ ਸੱਤ ਲੋਕ ਅਪਣੀ ਜਾਨ ਗੁਆ ਚੁਕੇ ਹਨ।
ਭਾਰਗਵ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਿਹਤ ਵਿਭਾਗ ਨੇ ਭਾਗੀਰਥਪੁਰਾ ਇਲਾਕੇ ’ਚ ਡਾਇਰੀਆ ਦੇ ਪ੍ਰਕੋਪ ਨਾਲ ਤਿੰਨ ਲੋਕਾਂ ਦੀ ਮੌਤ ਦੀ ਜਾਣਕਾਰੀ ਦਿਤੀ ਹੈ। ਪਰ ਮੇਰੀ ਜਾਣਕਾਰੀ ਮੁਤਾਬਕ ਚਾਰ ਹੋਰ ਲੋਕ ਇਸ ਬਿਮਾਰੀ ਕਾਰਨ ਹਸਪਤਾਲ ਪਹੁੰਚੇ ਸਨ ਅਤੇ ਉਨ੍ਹਾਂ ਦੀ ਵੀ ਮੌਤ ਹੋਈ ਹੈ।’’
ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰ ’ਚ ਲੀਕੇਜ ਕਾਰਨ ਪੀਣ ਦੇ ਪਾਣੀ ਦੀ ਪਾਈਪਲਾਈਨ ’ਚ ਡ੍ਰੇਨੇਜ ਦਾ ਗੰਦਾ ਪਾਣੀ ਮਿਲਣ ਕਾਰਨ ਭਾਗੀਰਥਪੁਰਾ ਇਲਾਕੇ ’ਚ ਉਲਟੀ-ਦਸਤ ਦਾ ਪ੍ਰਕੋਪ ਫੈਲਿਆ।
ਇਸ ਦੌਰਾਨ ਜ਼ਿਲ੍ਹਾ ਅਧਿਕਾਰੀ ਸ਼ਿਵਮ ਵਰਮਾ ਨੇ ਕਿਹਾ ਕਿ ਡਾਕਟਰਾਂ ਨੇ ਭਾਗੀਰਥਪੁਰਾ ਇਲਾਕੇ ’ਚ ਗੰਧਲੇ ਪੀਣ ਦੇ ਪਾਣੀ ਕਾਰਨ ਡਾਇਰੀਆ ਦੇ ਪ੍ਰਕੋਪ ਨਾਲ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ 140 ਮਰੀਜ਼ ਸ਼ਹਿਰ ਦੇ 27 ਹਸਪਤਾਲਾਂ ’ਚ ਭਰਤੀ ਹਨ ਜਿਨ੍ਹਾਂ ਦੀ ਸਿਹਤ ਉਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਕਾਂਡ ਨਾਲ 1100 ਤੋਂ ਵੱਧ ਲੋਕ ਕਿਸੇ ਨਾ ਕਿਸੇ ਰੂਪ ’ਚ ਪ੍ਰਭਾਵਤ ਹੋਏ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਾਗੀਰਥਪੁਰਾ ਖੇਤਰ ’ਚ ਗੰਧਲਾ ਪਾਣੀ ਪੀਣ ਨਾਲ ਬਿਮਾਰ ਹੋਣ ਤੋਂ ਬਾਅਦ ਹਫ਼ਤੇ ਭਰ ’ਚ ਛੇ ਔਰਤਾਂ ਸਮੇਤ ਘੱਟ ਤੋਂ ਘੱਟ ਅੱਠ ਲੋਕ ਦਮ ਤੋੜ ਚੁੱਕੇ ਹਨ।
ਸੂਬੇ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਘਟਨਾ ’ਤੇ ਅਫ਼ਸੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਮਦਦ ਦੇਣ ਅਤੇ ਸਾਰੇ ਮਰੀਜ਼ਾਂ ਦੇ ਇਲਾਜ ਦਾ ਪੂਰਾ ਖ਼ਰਚ ਸਰਕਾਰ ਵਲੋਂ ਚੁੱਕੇ ਜਾਣ ਦਾ ਐਲਾਨ ਕੀਤਾ ਹੈ।
ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਭਾਗੀਰਥਪੁਰਾ ’ਚ ਨਗਰ ਨਿਗਮ ਦੇ ਇਕ ਜ਼ੋਨਲ ਅਧਿਕਾਰੀ ਅਤੇ ਇਕ ਸਹਾਇਕ ਇੰਜਨੀਅਰ ਨੂੰ ਤੁਰਤ ਅਸਰ ਨਾਲ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਇਕ ਇੰਚਾਰਜ ਸਬ ਇੰਜਨੀਅਰ ਦੀਆਂ ਸੇਵਾਵਾਂ ਖ਼ਤਮ ਕਰ ਦਿਤੀਆਂ ਗਈਆਂ ਹਨ।
ਅਧਿਕਾਰੀ ਨੇ ਕਿਹਾ ਕਿ ਗੰਧਲੇ ਪੀਣ ਦੇ ਪਾਣੀ ਕਾਂਡ ਦੀ ਜਾਂਚ ਲਈ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਮ.) ਦੇ ਇਕ ਅਧਿਕਾਰੀ ਦੀ ਪ੍ਰਧਾਨਗੀ ’ਚ ਤਿੰਨ ਮੈਂਬਰਾਂ ਦੀ ਕਮੇਟੀ ਗਠਤ ਕੀਤੀ ਗਈ ਹੈ।
ਨਗਰ ਨਿਗਮ ਕਮਿਸ਼ਨਰ ਦਿਲੀਪ ਕੁਮਾਰ ਯਾਦਵ ਨੇ ਦਸਿਆ ਕਿ ਭਾਗੀਰਥਪੁਰਾ ’ਚ ਪਾਣੀ ਦੀ ਸਪਲਾਈ ਦੀ ਮੁੱਖ ਪਾਈਪਲਾਈਨ ’ਚ ਉਸ ਥਾਂ ਲੀਕੇਜ ਮਿਲੀ ਹੈ ਜਿਸ ਉਪਰ ਇਕ ਪਖਾਨਾ ਬਣਿਆ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਸ ਲੀਕੇਜ ਕਾਰਨ ਹੀ ਪੀਣ ਦਾ ਪਾਣੀ ਗੰਧਲਾ ਹੋਇਆ।
ਸੂਬਾ ਕਾਂਗਰਸ ਦੇ ਬੁਲਾਰੇ ਨੀਲਾਭ ਸ਼ੁਕਲਾ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਗੰਧਲੇ ਪੀਣ ਦੇ ਪਾਣੀ ਕਾਂਡ ’ਚ ਅਪਣੀ ਜਾਨਲੇਵਾ ਲਾਪਰਵਾਹੀ ਉਤੇ ਪਰਦਾ ਪਾਉਣ ਲਈ ਮ੍ਰਿਤਕਾਂ ਦਾ ਅਸਲ ਅੰਕੜਾ ਲੁਕਾ ਰਿਹਾ ਹੈ। ਉਨ੍ਹਾਂ ਕਿਹਾ, ‘‘ਗੰਧਲੇ ਪੀਣ ਦੇ ਪਾਣੀ ਕਾਂਡ ਨੇ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਇੰਦੌਰ ਦੇ ਅਕਸ ਉਤੇ ਧੱਬਾ ਲਗਾ ਦਿਤਾ ਹੈ, ਪਰ ਕਾਰਵਾਈ ਦੇ ਨਾਂ ਉਤੇ ਸਿਰਫ਼ ਗੱਲਾਂ ਕੀਤੀਆਂ ਜਾ ਰਹੀਆਂ ਹਨ।’’
ਉਧਰ ਮੱਧ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਮੰਤਰੀ ਕੈਲਾਸ਼ ਵਿਜੈਵਰਗੀ ਨੇ ਇਸ ਮਾਮਲੇ ’ਚ ਅਧਿਕਾਰੀਆਂ ਦੀ ਗ਼ਲਤੀ ਮੰਨਦਿਆਂ ਕਿਹਾ ਕਿ ਇਸ ਮਾਮਲੇ ਦੇ ਦੋਸ਼ੀ ਅਫ਼ਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿੰਨੇ ਵੀ ਵੱਡੇ ਅਹੁਦੇ ਉਤੇ ਕਿਉਂ ਨਾ ਹੋਣ।
