
ਜੋਧਪੁਰ, 3 ਫ਼ਰਵਰੀ: ਅਮਰੀਕੀ ਹਵਾਈ ਫ਼ੌਜ ਮੁਖੀ ਜਨਰਲ ਡੇਵਿਡ ਐਲ. ਗੋਲਡਫ਼ੇਨ ਨੇ ਭਾਰਤ 'ਚ ਬਣੇ ਹਲਕੇ ਲੜਾਕੂ ਜਹਾਜ਼ (ਐਲ.ਸੀ.ਏ.) 'ਤੇਜਸ' 'ਚ ਅੱਜ ਇਥੇ ਹਵਾਈ ਫ਼ੌਜ ਦੇ ਅੱਡੇ 'ਤੇ ਉਡਾਨ ਭਰੀ। ਰਖਿਆ ਅਧਿਕਾਰੀਆਂ ਨੇ ਦਸਿਆ ਕਿ 'ਅਮਰੀਕੀ ਹਵਾਈ ਫ਼ੌਜ ਦੇ ਚੀਫ਼ ਆਫ਼ ਸਟਾਫ਼'' ਜਨਰਲ ਗੋਲਡਫ਼ੇਨ ਦੇ ਨਾਲ ਹਵਾਈ ਵਾਇਸ ਮਾਰਸ਼ਲ ਏ.ਪੀ. ਸਿੰਘ ਸਹਿ-ਪਾਇਲਟ ਵਜੋਂ ਸਨ। ਇਹ ਜਾਣਕਾਰੀ ਹਵਾਈ ਫ਼ੌਜ ਨੇ ਟਵਿੱਟਰ ਜ਼ਰੀਏ ਦਿਤੀ ਹੈ। ਗੋਲਡਫ਼ੇਨ ਨੇ ਕਲ ਹਵਾਈ ਫ਼ੌਜ ਮੁਲਾਜ਼ਮਾਂ ਅਤੇ ਪਾਇਲਟ ਨਾਲ ਹਵਾਈ ਫ਼ੌਜ ਅੱਡੇ 'ਤੇ ਗੱਲਬਾਤ ਕੀਤੀ ਸੀ।
ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਦੀ ਯਾਤਰਾ ਭਾਰਤ ਅਤੇ ਅਮਰੀਕੀ ਹਵਾਈ ਫ਼ੌਜ ਵਿਚਕਾਰ ਆਪਸੀ ਸਹਿਯੋਗ ਦੀ ਭਾਵਨਾ ਨੂੰ ਦਰਸਾਉਂਦੀ ਹੈ, ਜਿਸ ਨੂੰ ਦੁਨੀਆਂ 'ਚ ਸੱਭ ਤੋਂ ਬਿਹਤਰੀਨ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਜਨਰਲ ਗੋਲਡਫ਼ੇਨ ਨੇ ਦੋਹਾਂ ਦੇਸ਼ਾਂ ਦੀ ਹਵਾਈ ਫ਼ੌਜ ਵਿਚਕਾਰ ਮਜ਼ਬੂਤ ਸਬੰਧਾਂ 'ਤੇ ਜ਼ੋਰ ਦਿਤਾ ਸੀ। ਤੇਜਸ ਦਾ ਪਹਿਲਾ ਸਕੁਆਡਰਨ ਹਵਾਈ ਫ਼ੌਜ 'ਚ ਜੁਲਾਈ 2016 'ਚ ਸ਼ਾਮਲ ਕੀਤਾ ਗਿਆ ਸੀ। (ਪੀਟੀਆਈ)