
ਨਵੀਂ ਦਿੱਲੀ, 25 ਜਨਵਰੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਮਾਜਕ ਅਤੇ ਆਰਥਕ ਪੱਖੋਂ ਪਛੜੇ ਲੋਕਾਂ ਦੇ ਜੀਵਨ ਨੂੰ ਖ਼ੁਸ਼ਹਾਲ ਬਣਾਉਣ ਨੂੰ ਜਮਹੂਰੀਅਤ ਦੀ ਸਫ਼ਲਤਾ ਦੀ ਕਸੌਟੀ ਦਸਿਆ ਅਤੇ ਅਜਿਹੇ ਸਮਾਜ ਦੀ ਵਕਾਲਤ ਕੀਤੀ ਜਿਥੇ ਕਿਸੇ ਦੂਜੇ ਨਾਗਰਿਕ ਦੇ ਸਨਮਾਨ ਅਤੇ ਨਿਜੀ ਭਾਵਨਾ ਦਾ ਖ਼ਿਆਲ ਰਖਿਆ ਜਾਵੇ ਚਾਹੇ ਇਤਿਹਾਸ ਦੀ ਕਿਸੇ ਘਟਨਾ ਬਾਰੇ ਅਸੀਂ ਅਸਹਿਮਤ ਹੀ ਕਿਉਂ ਨਾ ਹੋਈਏ। ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਨੂੰ ਦੇਸ਼ ਦੇ ਨਾਮ ਦਿਤੇ ਸੰਦੇਸ਼ ਵਿਚ ਕੋਵਿੰਦ ਨੇ ਕਿਹਾ ਕਿ ਅਜਿਹੇ ਉਦਾਰ ਅਤੇ ਖੁਲ੍ਹੇ-ਡੁੱਲੇ ਵਿਹਾਰ ਨੂੰ ਹੀ ਭਾਈਚਾਰਾ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਅਨੁਸ਼ਾਸਤ ਅਤੇ ਨੈਤਿਕਤਾਪੂਰਨ ਸੰਸਥਾਵਾਂ ਨਾਲ ਅਨੁਸ਼ਾਸਿਤ ਅਤੇ ਨੈਤਿਕ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ।
ਅਜਿਹੀਆਂ ਸੰਸਥਾਵਾਂ, ਹੋਰ ਸੰਸਥਾਵਾਂ ਨਾਲ ਅਪਣੇ ਭਾਈਚਾਰੇ ਦਾ ਸਨਮਾਨ ਕਰਦੀਆਂ ਹਨ।ਰਾਸ਼ਟਰਪਤੀ ਦਾ ਇਸ਼ਾਰਾ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੀਆਂ ਸੰਸਥਾਵਾਂ ਵਲ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਦੀ ਕਿਸੇ ਘਟਨਾ ਦੀ ਪੇਸ਼ਕਾਰੀ ਨਾਲ ਅਸੀਂ ਅਸਹਿਮਤ ਹੋ ਸਕਦੇ ਹਾਂ ਪਰ ਦੂਜਿਆਂ ਦੀਆਂ ਭਾਵਨਾਵਾਂ ਦਾ ਵੀ ਖ਼ਿਆਲ ਰਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਵੀ ਬੇਟਿਆਂ ਵਾਂਗ ਸਤਿਕਾਰ ਮਿਲੇ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿਚੋਂ ਗ਼ਰੀਬੀ ਦੀ ਅਲਾਮਤ ਦੂਰ ਕਰਨੀ ਪਵੇਗੀ। (ਏਜੰਸੀ)