
ਮਨੀਲਾ, 14 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਿਵਾਦ ਵਿਰੁਧ ਸੰਘਰਸ਼ ਵਿਚ ਸਾਂਝੇ ਯਤਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਨੂੰ ਅਤਿਵਾਦ ਕਾਰਨ ਬਹੁਤ ਨੁਕਸਾਨ ਝਲਣਾ ਪਿਆ ਹੈ | ਆਸਿਆਨ ਮੈਂਬਰ ਦੇਸ਼ਾਂ ਦੇ ਆਗੂਆਂ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨਿਯਮ ਆਧਾਰਤ ਸੁਰੱਖਿਆ ਢਾਂਚੇ ਵਾਸਤੇ ਆਸਿਆਨ ਨੂੰ ਅਪਣਾ ਸਮਰਥਨ ਦੇਣਾ ਜਾਰੀ ਰੱਖੇਗਾ |
ਮੋਦੀ ਨੇ ਕਿਹਾ, 'ਸਾਨੂੰ ਅਤਿਵਾਦ ਕਾਰਨ ਕਾਫ਼ੀ ਨੁਕਸਾਨ ਝਲਣਾ ਪਿਆ ਹੈ | ਇਕਜੁਟ ਹੋ ਕੇ ਅਤਿਵਾਦ ਨੂੰ ਖ਼ਤਮ ਕਰਨ ਬਾਰੇ ਸੋਚਣ ਦਾ ਸਮਾਂ ਆ ਗਿਆ ਹੈ |' ਉਨ੍ਹਾਂ ਕਿਹਾ ਕਿ ਆਸਿਆਨ ਦੇ 50 ਸਾਲ ਮਾਣ, ਉਤਸ਼ਾਹ ਅਤੇ ਭਵਿੱਖ ਬਾਰੇ ਸੋਚਣ ਦਾ ਮੌਕਾ ਹਨ | ਉਨ੍ਹਾਂ ਕਿਹਾ ਕਿ ਭਾਰਤ ਆਸਿਆਨ ਨੂੰ ਅਪਣੀ 'ਐਕਟ ਈਸਟ ਪਾਲਿਸੀ' ਤਹਿਤ ਉਪਰ ਰਖਦਾ ਹੈ | ਮੋਦੀ ਨੇ ਕਿਹਾ, 'ਆਸਿਆਨ ਨਾਲ ਸਾਡੇ ਸਬੰਧ ਪੁਰਾਣੇ ਹਨ ਅਤੇ ਅਸੀਂ ਸਹਿਯੋਗ ਵਧਾਉਣਾ ਚਾਹੁੰਦੇ ਹਾਂ |'