
ਕੋਲਕਾਤਾ, 16 ਜਨਵਰੀ : ਰਿਲਾਇੰਸ ਇੰਡਸਟਰੀਜ਼ (ਆਰ.ਆਈ.ਐੱਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਕੰਪਨੀ ਪਛਮੀ ਬੰਗਾਲ 'ਚ 5,000 ਕਰੋੜ ਦਾ ਨਿਵੇਸ਼ ਕਰੇਗੀ। ਇਸ ਦਾ ਨਿਵੇਸ਼ ਪੈਟਰੋਲੀਅਮ ਅਤੇ ਖੁਦਰਾ ਕਾਰੋਬਾਰ 'ਚ ਕੀਤਾ ਜਾਵੇਗਾ। ਕੋਲਕਾਤ 'ਚ ਆਯੋਜਤ ਦੋ ਦਿਨੀਂ 'ਬੰਗਾਲ ਸੰਸਾਰਿਕ ਵਪਾਰ ਸ਼ਿਖਰ ਸੰਮੇਲਨ' 'ਚ ਅੰਬਾਨੀ ਨੇ ਕਿਹਾ ਕਿ ਇਹ ਨਿਵੇਸ਼ ਅਗਲੇ ਤਿੰਨ ਸਾਲਾਂ 'ਚ ਹੋਵੇਗਾ। ਸੂਬੇ 'ਚ ਮੋਬਾਈਲ ਫ਼ੋਨ ਅਤੇ ਸੈੱਟ ਟਾਪ ਬਾਕਸ ਦੇ ਵਿਨਿਰਮਾਣ ਦੇ ਰਾਹੀਂ ਇਲੈਕਟ੍ਰੋਨਿਕ ਉਦਯੋਗ ਨੂੰ ਵੀ ਉਤਸ਼ਾਹਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਰ.ਆਈ.ਐੱਲ. ਸੂਬੇ 'ਚ ਦੂਰਸੰਚਾਰ ਕਾਰੋਬਾਰ 'ਚ 15,000 ਕਰੋੜ ਦਾ ਨਿਵੇਸ਼ ਕਰ ਚੁੱਕਾ ਹੈ।
ਹਾਲਾਂਕਿ ਉਸ ਨੇ ਪਹਿਲਾਂ ਇਸ ਲਈ 4,500 ਕਰੋੜ ਰੁਪਏ ਨਿਵੇਸ਼ ਕਰਨ ਦੀ ਵਚਨਬਧਤਾ ਜਤਾਈ ਸੀ। ਅੰਬਾਨੀ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜ਼ੀ ਦੀ ਅਗਵਾਈ 'ਚ ਸੂਬੇ 'ਚ ਅਨੁਕੂਲ ਕਾਰੋਬਾਰ ਮਾਹੌਲ ਨਾਲ ਇਹ ਸੰਭਵ ਹੋਇਆ ਹੈ। ਵਰਣਨਯੋਗ ਹੈ ਕਿ ਆਰਸੇਲਰ ਮਿੱਤਲ ਦੇ ਲਕਸ਼ਮੀ ਨਿਵਾਸ ਮਿੱਤਲ, ਜੀ.ਐੱਸ.ਡਬਲਿਊ ਦੇ ਸੱਜਨ ਜਿੰਦਲ, ਫਿਊਚਰ ਗਰੁੱਪ ਦੇ ਕਿਸ਼ੋਰ ਬਿਆਨੀ, ਕੋਟਕ ਗਰੁੱਪ ਦੇ ਉਦੈ ਕੋਟਕ ਅਤੇ ਆਰ.ਪੀ-ਸੰਜੀਵ ਗੋਇਨਕਾ ਗਰੁੱਪ ਦੇ ਚੇਅਰਮੈਨ ਸੰਜੀਵ ਗੋਇਨਕਾ ਸਮੇਤ ਕਈ ਮੁੱਖ ਉਦਯੋਗਪਤੀਆਂ ਨੇ ਸਿਖਰ ਸੰਮੇਲਨ 'ਚ ਹਿੱਸਾ ਲਿਆ ਹੈ (ਏਜੰਸੀ)