
ਬੰਗਲੌਰ, 25 ਅਕਤੂਬਰ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਰਨਾਟਕ ਵਿਧਾਨ ਮੰਡਲ ਦੇ ਸਾਂਝੇ ਸੈਸ਼ਨ ਵਿਚ ਮੈਸੂਰ ਦੇ ਬਾਦਸ਼ਾਹ ਟੀਪੂ ਸੁਲਤਾਨ ਦਾ ਨਾਮ ਲਿਆ ਤਾਂ ਸੱਤਾਧਿਰ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਵਿਚਕਾਰ ਸਿਆਸੀ ਸ਼ਬਦੀ ਜੰਗ ਛਿੜ ਗਈ। ਇਹ ਘਟਨਾਕ੍ਰਮ 10 ਨਵੰਬਰ ਨੂੰ ਟੀਪੂ ਸੁਲਤਾਨ ਦੀ ਜਯੰਤੀ ਮਨਾਉਣ ਦੇ ਰਾਜ ਸਰਕਾਰ ਦੇ ਫ਼ੈਸਲੇ 'ਤੇ ਮਚੇ ਵਿਵਾਦ ਵਿਚਕਾਰ ਹੋਇਆ। ਭਾਜਪਾ ਇਸ ਫ਼ੈਸਲੇ ਦਾ ਪੁਰਜ਼ੋਰ ਵਿਰੋਧ ਕਰ ਰਹੀ ਹੈ। ਉਸ ਦਾ ਦੋਸ਼ ਹੈ ਕਿ ਸ਼ੇਰ-ਏ-ਮੈਸੂਰ ਦੇ ਨਾਮ ਨਾਲ ਮਸ਼ਹੂਰ 18ਵੀਂ ਸਦੀ ਦਾ ਮੈਸੂਰ ਦਾ ਸ਼ਾਸਕ ਹਿੰਦੂ ਵਿਰੋਧੀ ਅਤੇ ਬਲਾਤਕਾਰੀ ਸੀ। ਰਾਸ਼ਟਰਪਤੀ ਨੇ ਅਪਣੇ ਸੰਬੋਧਨ ਵਿਚ ਕਰਨਾਟਕ ਨੂੰ ਯੋਧਿਆਂ ਦੀ ਧਰਤੀ ਦਸਦਿਆਂ ਕਿਹਾ, 'ਟੀਪੂ ਸੁਲਤਾਨ ਬ੍ਰਿਟਿਸ਼ ਰਾਜ ਨਾਲ ਲੜਦਿਆਂ ਬਹਾਦਰਾਂ ਦੀ ਮੌਤ ਮਰਿਆ। ਉਹ ਵਿਕਾਸ ਦਾ ਪ੍ਰੇਰਣਾ ਸਰੋਤ ਸੀ ਅਤੇ ਜੰਗ ਵਿਚ ਉਸ ਨੇ ਮੈਸੂਰ ਰਾਕੇਟ ਦੀ ਵਰਤੋਂ ਕੀਤੀ ਸੀ। ਇਹ ਤਕਨੀਕ ਬਾਅਦ ਵਿਚ ਯੁਰੋਪਵਾਸੀਆਂ ਨੇ ਅਪਣਾਈ।' ਇਸ ਤੋਂ ਪਹਿਲਾਂ ਕੋਵਿੰਦ ਨੇ
ਕ੍ਰਿਸ਼ਨਦੇਵਰਾਏ ਸਮੇਤ ਕਰਨਾਟਕ ਦੀਆਂ ਹੋਰ ਇਤਿਹਾਸਕ ਹਸਤੀਆਂ ਦੇ ਯੋਗਦਾਨ ਦੀ ਚਰਚਾ ਕੀਤੀ। ਕ੍ਰਿਸ਼ਨਦੇਵਰਾਏ 1509 ਤੋਂ 1529 ਤਕ ਵਿਜੇਨਗਰ ਸਾਮਰਾਜ ਦੇ ਸ਼ਾਸਕ ਸਨ। ਇਜਲਾਸ ਵਿਚ ਜਿਵੇਂ ਹੀ ਟੀਪੂ ਸੁਲਤਾਨ ਦਾ ਜ਼ਿਕਰ ਹੋਇਆ, ਕਾਂਗਰਸ ਵਿਧਾਇਕਾਂ ਨੇ ਮੇਜਾਂ 'ਤੇ ਹੱਥ ਮਾਰ ਮਾਰ ਕੇ ਸਵਾਗਤ ਕੀਤਾ। ਟੀਪੂ ਸੁਲਤਾਨ ਮੈਸੂਰ ਰਿਆਸਤ ਦਾ ਸ਼ਾਸਕ ਸੀ। ਉਸ ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਦੁਸ਼ਮਣ ਮੰਨਿਆ ਜਾਂਦਾ ਸੀ। ਕਰਨਾਟਕ ਵਿਧਾਨ ਪਰਿਸ਼ਦ ਵਿਚ ਵਿਰੋਧੀ ਧਿਰ ਦੇ ਨੇਤਾ ਕੇ ਐਸ ਇਸ਼ਵਰੱਪਾ ਨੇ ਰਾਜ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਨੇ ਸੰਬੋਧਨ ਵਿਚ ਟੀਪੂ ਸੁਲਤਾਨ ਦਾ ਜ਼ਿਕਰ ਕਰ ਕੇ ਰਾਸ਼ਟਰਪਤੀ ਦੇ ਦਫ਼ਤਰ ਨੂੰ 'ਗੁਮਰਾਹ' ਕੀਤਾ ਹੈ। ਭਾਜਪਾ ਨੇਤਾ ਨੇ ਦੋਸ਼ ਲਾਇਆ, 'ਇਹ ਰਾਜ ਸਰਕਾਰ ਵਲੋਂ ਕਰਨਾਟਕ ਦੀ ਜਨਤਾ ਦਾ ਅਪਮਾਨ ਹੈ। ਜਦ ਰਾਸ਼ਟਰਪਤੀ ਟੀਪੂ ਦੀ ਚਰਚਾ ਕਰ ਰਹੇ ਸਨ ਤਾਂ ਜੇ ਅਸੀਂ ਇਤਰਾਜ਼ ਕਰਦੇ ਤਾਂ ਇਹ ਪ੍ਰੋਟੋਕਾਲ ਦੀ ਉਲੰਘਣਾ ਹੁੰਦੀ। (ਏਜੰਸੀ)