
ਨਵੀਂ ਦਿੱਲੀ, 6 ਮਾਰਚ : ਪੰਜਾਬ ਨੈਸ਼ਨਲ ਬੈਂਕ ਘਪਲਾ, ਕਾਵੇਰੀ ਮੁੱਦਾ, ਆਂਧਰਾ ਲਈ ਪੈਕੇਜ ਅਤੇ ਹੋਰ ਮੁੱਦਿਆਂ ਕਾਰਨ ਅੱਜ ਫਿਰ ਲੋਕ ਸਭਾ ਵਿਚ ਰੌਲਾ-ਰੱਪਾ ਪਿਆ ਤੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਕੁੱਝ ਮਿੰਟਾਂ ਮਗਰੋਂ ਹੀ ਦੁਪਹਿਰ 12 ਵਜੇ ਤਕ ਲਈ ਮੁਲਤਵੀ ਕਰ ਦਿਤੀ ਗਈ।
ਲੋਕ ਸਭਾ ਵਿਚ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਜੰਮ ਕੇ ਹੰਗਾਮਾ ਕੀਤਾ। ਬੈਂਕ ਘਪਲੇ ਕਾਰਨ ਕਾਂਗਰਸ ਦੇ ਗੌਰਵ ਗੋਗੋਈ ਸਮੇਤ ਕਈ ਮੈਂਬਰ ਲੋਕ ਸਭਾ ਸਪੀਕਰ ਦੀ ਕੁਰਸੀ ਅੱਗੇ ਪਹੁੰਚ ਗਏ ਅਤੇ ਨਾਹਰੇਬਾਜ਼ੀ ਕਰਨ ਲੱਗੇ। ਤੇਲਗੂ ਦੇਸਮ ਪਾਰਟੀ ਦੇ ਮੈਂਬਰਾਂ ਨੇ ਆਂਧਰਾ ਲਈ ਪੈਕੇਜ ਦੀ ਮੰਗ ਕਰਦਿਆਂ ਹੰਗਾਮਾ ਕੀਤਾ। ਉਹ ਵੀ ਸਪੀਕਰ ਦੀ ਕੁਰਸੀ ਅੱਗੇ ਪਹੁੰਚ ਕੇ ਨਾਹਰੇ ਲਾਉਂਦੇ ਰਹੇ। ਉਨ੍ਹਾਂ ਦੇ ਹੱਥਾਂ ਵਿਚ ਤਖ਼ਤੀਆਂ ਸਨ ਜਿਨ੍ਹਾਂ ਉਤੇ 'ਸਾਨੂੰ ਇਨਸਾਫ਼ ਚਾਹੀਦਾ ਹੈ' ਦੇ ਨਾਹਰੇ ਲਿਖੇ ਹੋਏ ਸਨ।
ਅੰਨਾਡੀਐਮਕੇ ਦੇ ਮੈਂਬਰਾਂ ਨੇ ਕਾਵੇਰੀ ਜਲ ਪ੍ਰਬੰਧਨ ਬੋਰਡ ਦੇ ਗਠਨ ਲਈ ਹੰਗਾਮਾ ਕੀਤਾ ਅਤੇ ਕੁਰਸੀ ਅੱਗੇ ਜਾ ਕੇ ਨਾਹਰੇਬਾਜ਼ੀ ਕੀਤੀ। ਤੇਲੰਗਾਨਾ ਰਾਸ਼ਟਰੀ ਸਮਿਤੀ ਦੇ ਮੈਂਬਰਾਂ ਨੇ ਰਾਜ ਵਿਚ ਰਾਖਵਾਂਕਰਨ ਕੋਟੇ ਵਿਚ ਵਾਧੇ ਲਈ ਰੌਲਾ-ਰੱਪਾ ਪਾਇਆ। ਸ਼ਿਵ ਸੈਨਾ ਦੇ ਮੈਂਬਰਾਂ ਨੇ ਵੀ ਮਰਾਠੀ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿਤੇ ਜਾਣ ਦੀ ਮੰਗ ਕੀਤੀ। ਸਪੀਕਰ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਪਰ ਕੋਈ ਅਸਰ ਨਾ ਪਿਆ। ਆਖ਼ਰ ਉਨ੍ਹਾਂ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤਕ ਰੋਕ ਦਿਤੀ ਅਤੇ ਬਾਅਦ ਵਿਚ ਵੀ ਇਹੋ ਨਜ਼ਾਰਾ ਦਿਸਿਆ। (ਏਜੰਸੀ)