
ਨੌਜਵਾਨਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਸੁਰਜੀਤ ਪਾਤਰ
ਚੰਡੀਗੜ੍ਹ, 19 ਫ਼ਰਵਰੀ (ਸਪੋਕਸਮੈਨ ਸਮਾਚਾਰ ਸੇਵਾ): ''ਪੰਜਾਬ ਕਲਾ ਪ੍ਰੀਸ਼ਦ ਵਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸਬੰਧੀ ਇਕ ਵਿਸ਼ੇਸ਼ ਸਮਾਗਮ 21 ਫ਼ਰਵਰੀ ਨੂੰ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਸਮਾਗਮ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਅਪਣੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਉਪਰਾਲੇ ਕਰਨੇ ਜ਼ਰੂਰੀ ਹਨ ਅਤੇ ਇਹ ਉਪਰਾਲਾ ਵੀ ਉਸੇ ਦਾ ਹਿੱਸਾ ਹੈ ਅਤੇ ਇਸ ਨੂੰ ਕਾਮਯਾਬ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਡਾ. ਪਾਤਰ ਨੇ ਦਸਿਆ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੰਜਾਬ ਦਾ ਨੌਜਵਾਨ ਅਪਣੀਆਂ ਜੜ੍ਹਾਂ ਨਾਲ ਜੁੜੇ ਅਤੇ ਇਸ ਸਮਾਗਮ ਦਾ ਇਹ ਮੰਤਵ ਵੀ ਹੋਵੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਅਜਿਹੀ ਦੇਣ ਵਿਰਸੇ ਵਿਚ ਛੱਡੀ ਜਾਵੇ ਜਿਸ ਉੱਤੇ ਉਹ ਸਦਾ ਮਾਣ ਕਰ ਸਕਣ। ਉਨ੍ਹਾਂ ਦਸਿਆ ਕਿ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਹੋਣ ਵਾਲਾ ਸਮਾਗਮ ਪੰਜਾਬ ਦੇ ਸਭਿਆਚਾਰਕ ਮਾਮਲੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਉਲੀਕੀ ਵਿਸਥਾਰਤ ਰਣਨੀਤੀ ਦਾ ਹਿੱਸਾ ਹੋਵੇਗਾ ਜਿਸ ਤਹਿਤ ਪੰਜਾਬੀ ਜ਼ੁਬਾਨ ਅਤੇ ਸਭਿਆਚਾਰ ਨੂੰ ਦੁਨੀਆਂ ਦੇ ਹਰ ਇਕ ਕੋਨੇ ਵਿਚ ਪਹੁੰਚਾਇਆ ਜਾਵੇਗਾ ਅਤੇ ਜਿਸ ਦੀ ਸ਼ੁਰੂਆਤ ਸੂਬੇ ਦੇ ਪਿੰਡਾਂ ਤੋਂ ਹੋਵੇਗੀ।
ਉਨ੍ਹਾਂ ਇਹ ਵੀ ਜਾਣਕਾਰੀ ਦਿਤੀ ਕਿ ਪੰਜਾਬੀ ਭਾਸ਼ਾ ਦੀ ਸਲਾਮਤੀ ਅਤੇ ਪਸਾਰ ਲਈ ਹੋ ਰਹੇ ਇਸ ਸਮਾਗਮ ਵਿਚ ਪੰਜਾਬ ਅਤੇ ਚੰਡੀਗੜ੍ਹ ਸਥਿਤ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਅਪਣੇ ਹੁਨਰ ਰਾਹੀਂ ਪੰਜਾਬੀ ਬੋਲੀ ਪ੍ਰਤੀ ਆਪਣੇ ਮੋਹ ਦਾ ਪ੍ਰਗਟਾਵਾ ਕਰਨਗੇ। ਹੋਰ ਵੇਰਵੇ ਦਿੰਦਿਆਂ ਡਾ. ਪਾਤਰ ਨੇ ਦਸਿਆ ਕਿ ਪੰਜਾਬ ਕਲਾ ਪ੍ਰੀਸ਼ਦ ਵਲੋਂ ਪੰਜਾਬੀ ਬੋਲੀ ਦੇ ਵਿਕਾਸ ਅਤੇ ਪ੍ਰਫੁਲੱਤਾ ਵਿਚ ਨਿਰਸਵਾਰਥ ਯੋਗਦਾਨ ਪਾਉਣ ਵਾਲੇ ਸੰਜੇ ਨਾਹਰ ਅਤੇ ਪ੍ਰੋ. ਪੰਡਿਤ ਰਾਉ ਧਰੇਨਵਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ।ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਡਮੀ ਦੇ ਮੀਤ ਪ੍ਰਧਾਨ ਅਤੇ ਰੰਗਮੰਚ ਕਲਾਕਾਰ ਡਾ. ਨਿਰਮਲ ਜੌੜਾ ਨੇ ਦਸਿਆ ਕਿ ਇਕੀ ਫ਼ਰਵਰੀ ਦੇ ਇਸ ਸਮਾਗਮ ਵਿਚ ਹੋ ਰਹੇ ਅੰਤਰ ਕਾਲਜ ਮੁਕਾਬਲਿਆਂ ਦੌਰਾਨ ਕਾਵਿ ਉਚਾਰਣ, ਲੋਕ ਗੀਤ, ਲੋਕ ਗਾਥਾਵਾਂ, ਮੁਹਾਵਰੇ ਦਾਰ ਵਾਰਤਾਲਾਪ ਅਤੇ ਪੋਸਟਰ ਬਣਾਉਣ ਦੇ ਅੰਤਰ ਕਾਲਜ ਮੁਕਾਬਲੇ ਹੋਣਗੇ। ਉਨ੍ਹਾਂ ਦਸਿਆ ਕਿ ਸੱਭ ਤੋਂ ਵੱਧ ਪ੍ਰਾਪਤੀਆਂ ਵਾਲੇ ਕਾਲਜ ਨੂੰ 'ਪੰਜਾਬ ਕਲਾ ਪਰਿਸ਼ਦ ਮਾਂ ਬੋਲੀ ਟਰਾਫ਼ੀ' ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਅਤੇ ਪੰਜਾਬ ਸੰਗੀਤ ਨਾਟਕ ਅਕਾਡਮੀ ਦੇ ਸਕੱਤਰ ਪ੍ਰੀਤਮ ਰੁਪਾਲ ਵੀ ਹਾਜ਼ਰ ਸਨ।