
ਗੌਚਰ, 1 ਅਕਤੂਬਰ :
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ-ਚੀਨ ਸਰਹੱਦ ਦੀ ਰਾਖੀ ਹੋਰ
ਕਈ ਸਰਹੱਦੀ ਇਲਾਕਿਆਂ ਦੀ ਤੁਲਨਾ ਵਿਚ ਕਾਫ਼ੀ ਚੁਨੌਤੀਪੂਰਨ ਹੈ ਅਤੇ ਭਾਰਤ ਤਿੱਬਤ ਸੀਮਾ
ਪੁਲਿਸ ਯਾਨੀ ਆਈਟੀਬੀਪੀ ਦੇ ਜਵਾਨਾਂ ਨੇ ਰਾਖੀ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਸ਼ਾਨ ਅਤੇ
ਭਰੋਸੇਯੋਗਤਾ ਦੀ ਵਿਲੱਖਣ ਮਿਸਾਲ ਪੈਦਾ ਕੀਤੀ ਹੈ।
ਆਈਟੀਬੀਪੀ ਦੇ ਸਮਾਗਮ ਵਿਚ ਗ੍ਰਹਿ
ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੇ ਅਰਧਸੈਨਿਕ ਬਲਾਂ ਦੀਆਂ ਸਮੱਸਿਆਵਾਂ ਦੂਰ ਕਰਨ
ਦਾ ਹਰ ਸੰਭਵ ਯਤਨ ਕਰ ਰਹੀ ਹੈ। ਚਾਰ ਦਿਨਾ ਉਤਰਾਖੰਡ ਦੌਰੇ ਦੇ ਅੰਤਮ ਦਿਨ ਕੇਦਾਰਨਾਥ ਦੇ
ਦਰਸ਼ਨਾਂ ਤੋਂ ਬਾਅਦ ਰਾਜਨਾਥ ਸਿੰਘ ਅਪਣੇ ਤੈਅ ਸਮੇਂ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਇਥੇ
ਪਹੁੰਚੇ ਅਤੇ ਲਗਭਗ ਡੇਢ ਘੰਟੇ ਤਕ ਜਵਾਨਾਂ ਦਾ ਹੌਸਲਾ ਵਧਾਇਆ।
ਰਾਜਨਾਥ ਸਿੰਘ ਨੇ
ਕਿਹਾ ਕਿ ਔਖੇ ਸਰਹੱਦੀ ਇਲਾਕਿਆਂ ਵਿਚ ਕੰਮ ਕਰਨ ਲਈ ਸਰਕਾਰ ਜਵਾਨਾਂ ਨੂੰ ਸਾਰੇ ਜ਼ਰੂਰੀ
ਸਾਧਨ ਮਹੁਈਆ ਕਰਵਾਏਗੀ। ਉਨ੍ਹਾਂ ਕਿਹਾ, 'ਮੇਰੀ ਲਈ ਆਈਟੀਬੀਪੀ ਦਾ ਮਤਲਬ ਹੈ ਕਿ ਜਿਹੜੇ
ਮੁਸ਼ਕਲਾਂ ਵਿਚੋਂ ਲੰਘਦਿਆਂ ਰਸਤਾ ਬਣਾ ਲੈਣ, ਉਸ ਨੂੰ ਆਈਟੀਬੀਪੀ ਕਹਿੰਦੇ ਹਨ।' ਉਨ੍ਹਾਂ
ਆਈਟੀਬੀਪੀ ਨੂੰ 100 ਅਤਿਆਧੁਨਿਕ ਸਨੋਅ ਸਕੂਟਰ ਦੇਣ ਦੀ ਗੱਲ ਵੀ ਕਹੀ। ਆਈਟੀਬੀਪੀ ਦੇ
ਡਾਇਰੈਕਟਰ ਜਨਰਲ ਆਰ ਕੇ ਪਚਨੰਦਾ ਨੇ ਕਿਹਾ ਕਿ ਰਾਜਨਾਥ ਸਿੰਘ ਦੇਸ਼ ਦੇ ਪਹਿਲੇ ਅਜਿਹੇ
ਗ੍ਰਹਿ ਮੰਤਰੀ ਹਨ ਜਿਨ੍ਹਾਂ ਨੇ ਮੂਹਰਲੀਆਂ ਚੌਕੀਆਂ 'ਤੇ ਪਹੁੰਚ ਕੇ ਜਵਾਨਾਂ ਦੀਆਂ
ਮੁਸ਼ਕਲਾਂ ਨੂੰ ਸਮਝਿਆ ਹੈ। ਗ੍ਰਹਿ ਮੰਤਰੀ ਨੇ ਜਵਾਨਾਂ ਨਾਲ ਖਾਣਾ ਵੀ ਖਾਧਾ ਅਤੇ ਉਨ੍ਹਾਂ
ਦਾ ਹਾਲ ਚਾਲ ਪੁਛਿਆ। ਉਨ੍ਹਾਂ ਵੱਡੀ ਦਾਅਵਤ ਲਈ ਦੋ ਲੱਖ ਰੁਪਏ ਦਾ ਚੈਕ ਵੀ ਦਿਤਾ।
(ਏਜੰਸੀ)