
ਲਖਨਊ, 1 ਨਵੰਬਰ : ਯੂਪੀ ਦੇ ਰਾਏਬਰੇਲੀ ਜ਼ਿਲ੍ਹੇ ਵਿਚ ਪੈਂਦੇ ਐਨਟੀਪੀਸੀ ਦੇ ਪਲਾਂਟ ਵਿਚ ਬਾਇਲਰ ਪਾਈਪ ਫਟ ਜਾਣ ਨਾਲ 12 ਜਣਿਆਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਝੁਲਸ ਗਏ। ਜਨਤਕ ਖੇਤਰ ਦੀ ਵੱਡੀ ਬਿਜਲੀ ਉਤਪਾਦਕ ਕੰਪਨੀ ਐਨਟੀਪੀਸੀ ਦੇ ਬਿਜਲੀ ਘਰ ਵਿਚ ਇਹ ਹਾਦਸਾ ਵਾਪਰਿਆ। ਦੁਪਹਿਰ ਸਮੇਂ ਜ਼ਿਲ੍ਹੇ ਦੇ ਉਂਚਾਹਰ ਸਥਿਤ 500 ਮੈਗਾਵਾਟ ਸਮਰੱਥਾ ਦੇ ਬਿਜਲੀ ਘਰ ਵਿਚ ਬਾਇਲਰ ਫਟ ਗਿਆ। ਪੁਲਿਸ ਅਧਿਕਾਰੀ ਆਨੰਦ ਕੁਮਾਰ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 12 ਮੌਤਾਂ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। 80 ਤੋਂ 100 ਜਣੇ ਝੁਲਸ ਗਏ ਹਨ। ਕਈਆਂ ਦੀ ਹਾਲਤ ਗੰਭੀਰ ਹੈ। ਬਾਇਲਰ ਪਾਇਪ ਫਟ ਜਾਣ ਮਗਰੋਂ ਜ਼ਬਰਦਸਤ ਧਮਾਕਾ ਹੋਇਆ ਜਿਸ ਕਾਰਨ ਚਾਰੇ ਪਾਸੇ ਭਾਜੜ ਮੱਚ ਗਈ। ਕਰਮਚਾਰੀਆਂ ਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਾ ਕਿ ਕੀ ਹੋ ਗਿਆ ਹੈ? ਕੁਮਾਰ ਨੇ ਦਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।
ਮੁਢਲੀ ਰੀਪੋਰਟ ਮੁਤਾਬਕ ਸ਼ਾਮ ਸਮੇਂ ਹੋਏ ਧਮਾਕੇ ਵਿਚ 50 ਤੋਂ 60 ਜਣੇ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਹੁਕਮ ਦਿਤੇ ਹਨ। ਮੁੱਖ ਮੰਤਰੀ ਇਸ ਸਮੇਂ ਮਾਰੀਸ਼ਸ਼ ਦੇ ਤਿੰਨ ਦਿਨਾ ਦੌਰੇ 'ਤੇ ਹਨ। ਮੁੱਖ ਮੰਤਰੀ ਨਾਲ ਯਾਤਰਾ 'ਤੇ ਗਏ ਮੁੱਖ ਸਕੱਤਰ (ਸੂਚਨਾ) ਅਵਨੀਸ਼ ਅਵਸਥੀ ਨੇ ਕਿਹਾ ਕਿ ਰਾਹਤ ਅਤੇ ਬਚਾਅ ਦੇ ਸਾਰੇ ਕਦਮ ਚੁਕੇ ਜਾ ਰਹੇ ਹਨ। ਅਵਸਥੀ ਨੇ ਦਸਿਆ ਕਿ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿਤੇ ਜਾਣਗੇ। ਰਾਏਬਰੇਲੀ ਦੇ ਪੁਲਿਸ ਮੁਖੀ ਨੇ ਦਸਿਆ ਕਿ ਹਾਦਸੇ ਤੋਂ ਤੁਰਤ ਮਗਰੋਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਹੋ ਗਏ। ਜ਼ਿਲ੍ਹਾ ਪ੍ਰਸ਼ਾਸਨ ਨੂੰ ਜਦ ਖ਼ਬਰ ਮਿਲੀ ਤਾਂ ਤੁਰਤ ਐਂਬੂਲੈਂਸ ਮੌਕੇ 'ਤੇ ਭੇਜੀ ਗਈ। (ਏਜੰਸੀ)