
ਨਵੀਂ ਦਿੱਲੀ, 14 ਦਸੰਬਰ : ਕਾਂਗਰਸ ਨੇਤਾ ਪੀ ਚਿਦੰਬਰਮ ਨੇ ਚੋਣ ਕਮਿਸ਼ਨ ਨੂੰ ਸਵਾਲ ਕੀਤਾ ਕਿ ਉਸ ਨੇ ਰਾਹੁਲ ਗਾਂਧੀ ਨੂੰ ਮੀਡੀਆ ਵਿਚ ਇੰਟਰਵਿਊ ਦੇਣ ਲਈ 'ਕਾਰਨ ਦੱਸੋ ਨੋਟਿਸ' ਕਿਉਂ ਜਾਰੀ ਕੀਤਾ ਜਦਕਿ ਭਾਜਪਾ ਆਗੂਆਂ ਨੂੰ ਅਜਿਹਾ ਹੀ ਕਰਨ ਦੇ ਬਾਵਜੂਦ ਛੱਡ ਦਿਤਾ ਗਿਆ। ਚਿਦੰਬਰਮ ਨੇ ਕਈ ਟਵੀਟ ਕਰ ਕੇ ਚੋਣ ਕਮਿਸ਼ਨ ਵਿਰੁਧ ਕੰਮ ਵਿਚ ਲਾਪਰਵਾਹੀ ਦਾ ਦੋਸ਼ ਲਾਇਆ ਅਤੇ ਗੁਜਰਾਤ ਦੇ ਲੋਕਾਂ ਨੂੰ ਕਿਹਾ ਕਿ ਉਹ ਅਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਅਤੇ ਰਾਜ ਦੀ ਭਾਜਪਾ ਸਰਕਾਰ ਨੂੰ ਬਦਲਣ। ਉਨ੍ਹਾਂ ਕਿਹਾ, 'ਕਲ ਪ੍ਰਧਾਨ ਮੰਤਰੀ ਨੇ ਭਾਸ਼ਨ ਦਿਤਾ। ਭਾਜਪਾ ਦੇ ਪ੍ਰਧਾਨ ਨੇ ਇੰਟਰਵਿਊ ਦਿਤੀ। ਰੇਲ ਮੰਤਰੀ ਨੇ ਵੀ ਇੰਟਰਵਿਊ ਦਿਤੀ। ਚੋਣ ਕਮਿਸ਼ਨ ਚੁੱਪ ਰਿਹਾ। ਸਿਰਫ਼ ਰਾਹੁਲ ਦੀ ਇੰਟਰਵਿਊ ਨੂੰ ਚੁਣਿਆ ਗਿਆ।'
ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਜਪਾ ਦੁਆਰਾ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਾ ਘਬਰਾਹਟ ਭਰਿਆ ਕਦਮ ਹੈ। ਪ੍ਰਚਾਰ ਖ਼ਤਮ ਹੋਣ ਮਗਰੋਂ ਇੰਟਰਵਿਊ ਦੇਣਾ ਹਰ ਚੋਣ ਵਿਚ ਹਰ ਉਮੀਦਵਾਰ ਅਤੇ ਹਰ ਪ੍ਰਚਾਰਕ ਲਈ ਆਮ ਹੈ। ਚਿਦੰਬਰਮ ਨੇ ਸਵਾਲ ਕੀਤਾ, 'ਪ੍ਰਧਾਨ ਮੰਤਰੀ ਨੂੰ ਮਤਦਾਨ ਵਾਲੇ ਦਿਨ ਰੋਡ ਸ਼ੋਅ ਦੀ ਪ੍ਰਵਾਨਗੀ ਦੇਣਾ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਹ ਚੋਣ ਪ੍ਰਚਾਰ ਹੈ। ਚੋਣ ਕਮਿਸ਼ਨ ਕੀ ਕਰ ਰਿਹਾ ਹੈ? (ਏਜੰਸੀ)