ਪਣਜੀ/ਨਵੀਂ 
ਦਿੱਲੀ, 28 ਅਗੱਸਤ: ਤਿੰਨ ਸੂਬਿਆਂ ਦੀਆਂ ਚਾਰ ਵਿਧਾਨ ਸਭਾ ਸੀਟਾਂ ਉਤੇ 23 ਅਗੱਸਤ ਨੂੰ 
ਹੋਈ ਜ਼ਿਮਨੀ ਚੋਣ 'ਚ ਸਾਰੀਆਂ ਪਾਰਟੀਆਂ ਨੇ ਅਪਣੀਆਂ ਸੀਟਾਂ ਬਰਕਰਾਰ ਰਖੀਆਂ ਹਨ। 
ਨਵੀਂ
 ਦਿੱਲੀ ਦੇ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ
 ਨੂੰ ਪਿੱਛੇ ਛਡਦਿਆਂ ਦਿੱਲੀ ਦੀ ਬਵਾਨਾ ਵਿਧਾਨ ਸਭਾ ਸੀਟ ਉਤੇ ਅੱਜ ਆਸਾਨੀ ਨਾਲ ਜਿੱਤ 
ਹਾਸਲ ਕਰ ਲਈ। ਦਿੱਲੀ ਦੇ ਉੱਤਰੀ ਬਾਹਰੀ ਇਲਾਕੇ 'ਚ ਸਥਿਤ ਇਸ ਵਿਧਾਨ ਸਭਾ ਖੇਤਰ 'ਚ 
ਝੁੱਗੀਆਂ, ਪਿੰਡ ਅਤੇ ਵੱਡੀ ਗਿਣਤੀ 'ਚ ਪੂਰਵਾਂਚਲ ਦੇ ਵੋਟਰ ਹਨ ਅਤੇ ਇਸੇ ਕਰ ਕੇ 'ਆਪ' 
ਦੀ ਜਿੱਤ ਯਕੀਨੀ ਹੋਈ। ਆਮ ਪਾਰਟੀ ਦੇ ਉਮੀਦਵਾਰ ਰਾਮਚੰਦਰ ਨੂੰ 59886 ਵੋਟਾਂ ਮਿਲੀਆਂ 
ਜਦਕਿ ਭਾਜਪਾ ਉਮੀਦਵਾਰ ਵੇਦਪ੍ਰਕਾਸ਼ ਨੂੰ 35834 ਵੋਟਾਂ ਮਿਲੀਆਂ। 
ਗੋਆ ਦੇ ਮੁੱਖ 
ਮੰਤਰੀ ਮਨੋਹਰ ਪਰੀਕਰ ਨੇ ਪਣਜੀ ਤੋਂ ਵਿਧਾਨ ਸਭਾ ਚੋਣ ਜਿੱਤ ਲਈ। ਰਖਿਆ ਮੰਤਰੀ ਦਾ 
ਕੰਮਕਾਜ ਸੰਭਾਲਣ ਮਗਰੋਂ ਪਰੀਕਰ ਇਸ ਸਾਲ ਮਾਰਚ 'ਚ ਸੂਬੇ ਦੀ ਸਿਆਸਤ 'ਚ ਵਾਪਸ ਆ ਗਏ ਸਨ। 
ਉਨ੍ਹਾਂ ਕਾਂਗਰਸੀ ਉਮੀਦਵਾਰ ਗਿਰੀਸ਼ ਚੰਡੋਕਰ ਨੂੰ 4803 ਵੋਟਾਂ ਨਾਲ ਹਰਾਇਆ। ਚੋਡੰਕਰ ਨੂੰ
 ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ। 
ਭਾਜਪਾ ਦੇ 
ਵਿਸ਼ਵਜੀਤ ਰਾਣੇ ਨੇ ਵਾਲਪੋਈ ਸੀਟ ਬਰਕਰਾਰ ਰੱਖੀ ਹੈ। ਉਨ੍ਹਾਂ ਨੇ ਅਪਣੇ ਨੇੜਲੇ ਵਿਰੋਧੀ 
ਕਾਂਗਰਸ ਦੇ ਰਾਏ ਨਾਇਕ ਨੂੰ 10066 ਵੋਟਾਂ ਨਾਲ ਹਰਾਇਆ। ਰਾਣੇ ਨੇ ਵਿਧਾਨ ਸਭਾ ਚੋਣਾਂ 
ਮਗਰੋਂ ਕਾਂਗਰਸ ਛੱਡ ਦਿਤੀ ਸੀ ਅਤੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਦੋ ਸੀਟਾਂ ਉਤੇ ਜਿੱਤ 
ਦੇ ਨਾਲ ਹੀ 40 ਮੈਂਬਰੀ ਵਿਧਾਨ ਸਭਾ 'ਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ ਵੱਧ ਕੇ 14 ਹੋ
 ਗਈ ਹੈ। ਉਧਰ, ਆਂਧਰਾ ਪ੍ਰਦੇਸ਼ 'ਚ ਨਾਂਦਿਆਲ ਵਿਧਾਨ ਸਭਾ ਸੀਟ ਉਤੇ ਸੱਤਾਧਾਰੀ 
ਤੇਲਗੂਦੇਸ਼ਮ ਪਾਰਟੀ ਜੇਤੂ ਰਹੀ।  (ਪੀਟੀਆਈ)
                    
                