ਨਵੀਂ ਦਿੱਲੀ, 20 ਅਕਤੂਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵਲੋਂ ਸੇਵਾ ਨਿਭਾਉਣ ਦੌਰਾਨ ਅਕਾਲ ਚਲਾਣਾ ਕਰ ਗਏ 5 ਮੁਲਾਜ਼ਮਾਂ ਦੇ ਪਰਵਾਰਾਂ ਨੂੰ ਅੱਜ ਮਾਲੀ ਸਹਾਇਤਾ ਦੇ ਚੈਕ ਦਿਤੇ ਗਏ। ਦਿੱਲੀ ਕਮੇਟੀ ਦੇ ਦਫ਼ਤਰ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ 5 ਪ੍ਰਭਾਵਿਤ ਪਰਵਾਰਾਂ ਦੇ ਮੈਂਬਰਾਂ ਨੂੰ ਪ੍ਰਤੀ ਪਰਵਾਰ 7,30,896/- ਰੁਪਏ ਦੀ ਰਾਸ਼ੀ ਦੇ ਚੈਕ ਤਕਸੀਮ ਕੀਤੇ ਤੇ ਸਮੂਹ ਸਟਾਫ਼ ਨੂੰ ਅਪਣਾ ਪਰਵਾਰ ਦਸਿਆ। ਆਪਣੀ ਸੇਵਾਕਾਲ ਦੌਰਾਨ ਅਕਾਲ ਚਲਾਣਾ ਕਰਨ ਵਾਲੇ ਮੁਲਾਜਮ ਜਥੇਦਾਰ ਵਰਪਾਲ ਸਿੰਘ, ਮਾਲੀ ਛੁਟਕਨ, ਸੇਵਾਦਰਨੀ ਰਵਿੰਦਰ ਕੌਰ, ਸੇਵਾਦਾਰ ਮਨਜੀਤ ਸਿੰਘ ਤੇ ਹਰਜੀਤ ਸਿੰਘ ਦੇ ਪਰਵਾਰਾਂ ਨੂੰ ਪ੍ਰਾਪਤ ਹੋਈ ਕੁਲ 36,54,482/-ਰੁਪਏ ਦੀ ਰਾਸ਼ੀ 'ਚ ਅੱਧੀ ਸਹਾਇਤਾ ਦਿੱਲੀ ਕਮੇਟੀ ਵਲੋਂ ਅਤੇ ਅੱਧੀ ਸਹਾਇਤਾ ਸਟਾਫ਼ ਵਲੋਂ ਦਿੱਤੀ ਗਈ ਹੈ।ਦਿੱਲੀ ਕਮੇਟੀ ਸਟਾਫ਼ ਯੂਨੀਅਨ ਦੇ ਪ੍ਰਧਾਨ ਅਤੇ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਨੇ ਮਦਦ ਦੇਣ ਲਈ ਪ੍ਰਬੰਧਕਾਂ ਦਾ ਧਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਸਾਬਕਾ ਕਮੇਟੀ ਪ੍ਰਧਾਨ ਪ੍ਰਹਿਲਾਦ ਸਿੰਘ ਚੰਢੋਕ ਵਲੋਂ ਸੇਵਾਕਾਲ ਦੌਰਾਨ ਅਕਾਲ ਚਲਾਣਾ ਕਰਨ ਵਾਲੇ ਸਟਾਫ਼ ਲਈ 30,000 ਹਜ਼ਾਰ ਕਮੇਟੀ ਵਲੋਂ ਅਤੇ ਇਤਨਾ ਹੀ ਸਟਾਫ਼ ਵਲੋਂ ਦੇਣ ਦਾ ਮਤਾ ਪ੍ਰਵਾਨ ਕੀਤਾ ਗਿਆ ਸੀ।ਸ. ਜੀ.ਕੇ. ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 2013 ਦੀਆਂ ਗੁਰਦਵਾਰਾ ਕਮੇਟੀ ਚੋਣਾਂ ਤੋਂ ਪਹਿਲਾ ਸਟਾਫ਼ ਨਾਲ ਕੀਤੇ ਗਏ ਸਾਰੇ ਵਾਅਦੇ ਪੁਰੇ ਕਰ ਰਹੇ ਹਾਂ। ਸ. ਜੀ.ਕੇ. ਨੇ ਇਸ ਵਰ੍ਹੇ ਦਿੱਲੀ ਕਮੇਟੀ ਦੇ ਸਟਾਫ਼ ਨੂੰ ਵਰਦੀ ਦੇਣ ਦਾ ਵੀ ਐਲਾਨ ਕੀਤਾ। ਸ. ਸਿਰਸਾ ਨੇ ਕਿਹਾ ਕਿ ਇਨਸਾਨੀ ਜਿੰਦਗੀ ਦੀ ਕੀਮਤ ਨਹੀਂ ਲਗਾਈ ਜਾ ਸਕਦੀ ਪਰ ਸਾਬਕਾ ਪ੍ਰਬੰਧਕਾਂ ਨੇ ਆਪਣੀ ਹਉਮੇ 'ਚ ਕਮੇਟੀ ਸਟਾਫ਼ ਦਾ ਹੱਕ ਦੇਣ 'ਚ ਕੋਤਾਹੀ ਵਰਤੀ ਸੀ। ਜਿਸ ਕਰਕੇ ਦਿੱਲੀ ਦੀ ਸੰਗਤ ਨੇ ਉਨ੍ਹਾਂ ਨੂੰ ਸਿਰੇ ਤੋਂ ਨਿਕਾਰ ਦਿੱਤਾ ਸੀ। ਜਿਸ ਪਰਵਾਰ ਦੇ ਮੈਂਬਰ ਦੀ ਮੌਤ ਹੁੰਦੀ ਹੈ ਉਹੀ ਪਰਵਾਰ ਉਸ ਦਰਦ ਨੂੰ ਸਮਝ ਸਕਦਾ ਹੈ। ਇਸ ਕਰਕੇ ਦਿੱਲੀ ਕਮੇਟੀ ਵਲੋਂ ਇਹ ਫੈਸਲਾ ਲਿਆ ਗਿਆ ਸੀ।ਸ. ਸਿਰਸਾ ਨੇ ਯੂਨੀਅਨ ਪ੍ਰਧਾਨ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਵਲੋਂ ਹਮੇਸ਼ਾ ਹੀ ਸਟਾਫ਼ ਦੇ ਹੱਕ ਲਈ ਆਵਾਜ਼ ਬੁਲੰਦ ਕਰਨ ਦੀ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੀ ਸਲਾਘਾ ਕੀਤੀ। ਸ. ਰਾਣਾ ਨੇ ਸਟਾਫ਼ ਕੁਆਟਰ 'ਚ ਰਹਿਣ ਵਾਲੇ ਮੁਲਾਜ਼ਮਾਂ ਨੂੰ ਆਪਣੇ ਪਰਵਾਰਾਂ 'ਚ ਸਿੱਖੀ ਸੰਭਾਲਣ ਦਾ ਹੌਕਾ ਦਿੰਦੇ ਹੋਏ ਸਟਾਫ਼ ਦੇ ਬੱਚਿਆਂ ਵਲੋਂ ਟੋਪੀ ਪਾਉਣ ਜਾਂ ਪੱਤਤਪੁਣੇ ਵੱਲ ਵੱਧਣ ਦੀਆਂ ਆਉਂਦੀਆਂ ਖ਼ਬਰਾਂ ਨੂੰ ਮੰਦਭਾਗਾ ਦੱਸਿਆ।
end-of