
ਪੀ.ਐਨ.ਬੀ. ਦੇ ਦੋ ਅਤੇ ਨੀਰਵ ਮੋਦੀ ਕੰਪਨੀ ਦਾ ਇਕ ਅਧਿਕਾਰੀ ਗ੍ਰਿਫ਼ਤਾਰ
ਨਵੀਂ ਦਿੱਲੀ, 17 ਫ਼ਰਵਰੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 11,400 ਕਰੋੜ ਰੁਪਏ ਦੇ ਕਥਿਤ ਫ਼ਰਜ਼ੀ ਲੈਣ-ਦੇਣ ਦੇ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ ਦੇ ਦੋ ਅਧਿਕਾਰੀਆਂ ਅਤੇ ਅਰਬਪਤੀ ਨੀਰਵ ਮੋਦੀ ਦੀ ਕੰਪਨੀ ਦੇ ਇਕ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਮੁੰਬਈ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਤਿੰਨਾਂ ਨੂੰ ਤਿੰਨ ਮਾਰਚ ਤਕ ਸੀ.ਬੀ.ਆਈ. ਦੀ ਹਿਰਾਸਤ 'ਚ ਭੇਜਿਆ ਗਿਆ ਹੈ।ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਮੋਦੀ, ਉਸ ਦੀਆਂ ਕੰਪਨੀਆਂ ਅਤੇ ਰਿਸ਼ਤੇਦਾਰ ਮੇਹੁਲ ਚੋਕਸੀ ਵਿਰੁਧ 31 ਜਨਵਰੀ ਨੂੰ ਦਰਜ ਕੀਤੀ ਅਪਣੀ ਐਫ਼.ਆਈ.ਆਰ. ਬਾਬਤ ਤਤਕਾਲੀ ਉਪ-ਪ੍ਰਬੰਧਕ ਗੋਕੁਲ ਨਾਥ ਸ਼ੈੱਟੀ (ਹੁਣ ਸੇਵਾਮੁਕਤ), ਸਿੰਗਲ ਵਿੰਡੋ ਸੰਚਾਲਕ ਮਨੋਜ ਖਰਾਟ ਅਤੇ ਹੇਮੰਤ ਭੱਟ ਨੂੰ ਹਿਰਾਸਤ 'ਚ ਲਿਆ ਹੈ।ਇਸ ਤੋਂ ਇਲਾਵਾ ਅੱਜ ਵੀ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਨੀਰਵ ਮੋਦੀ ਅਤੇ ਹੋਰਾਂ ਵਿਰੁਧ ਛਾਪੇਮਾਰੀ ਜਾਰੀ ਰੱਖੀ। ਅੱਜ ਪੂਰੇ ਭਾਰਤ 'ਚ ਨੀਰਵ ਮੋਦੀ ਦੇ 21 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਅਤੇ 25 ਕਰੋੜ ਰੁਪਏ ਦੇ ਹੀਰੇ ਅਤੇ ਗਹਿਣੇ ਜ਼ਬਤ ਕਰ ਲਏ। ਇਸ ਤਰ੍ਹਾਂ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ 'ਚ ਈ.ਡੀ. ਵਲੋਂ ਕੀਤੀ ਕੁਲ ਜ਼ਬਤੀ ਦੀ ਰਕਮ 5674 ਕਰੋੜ ਰੁਪਏ ਹੋ ਗਈ ਹੈ।
ਇਸ ਐਫ਼.ਆਈ.ਆਰ. 'ਚ ਲਗਭਗ 280 ਕਰੋੜ ਰੁਪਏ ਦੇ ਫ਼ਰਜ਼ੀ ਲੈਣ-ਦੇਣ ਦੇ ਅੱਠ ਮਾਮਲੇ ਦਰਜ ਹਨ ਪਰ ਬੈਂਕ ਨੇ ਅੱਗੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਸੀ.ਬੀ.ਆਈ. ਨੇ ਕਿਹਾ ਹੈ ਕਿ ਪਹਿਲੀ ਐਫ਼.ਆਈ.ਆਰ. 'ਚ ਹੁਣ ਲਗਭਭਗ 6498 ਕਰੋੜ ਰੁਪਏ ਦੀ ਰਕਮ ਦੀ ਜਾਂਚ ਕੀਤੀ ਜਾਵੇਗੀ ਜੋ ਕਿ ਸ਼ੈੱਟੀ ਅਤੇ ਖਰਾਟ ਵਲੋਂ ਕਥਿਤ ਤੌਰ ਤੇ ਫ਼ਰਜ਼ੀ ਤਰੀਕੇ ਨਾਲ 150 ਐਲ.ਓ.ਯੂ. ਜਾਰੀ ਕਰਨ ਨਾਲ ਜੁੜੀ ਹੈ।ਅਧਿਕਾਰੀਆਂ ਨੇ ਕਿਹਾ ਕਿ ਗੀਤਾਂਜਲੀ ਕੰਪਨੀ ਸਮੂਹ ਲਈ ਜਾਰੀ ਕੀਤੇ ਲਗਭਗ 4886 ਕਰੋੜ ਰੁਪਏ ਦੇ ਬਾਕੀ 150 ਐਲ.ਓ.ਯੂ. ਦੂਜੀ ਐਫ਼.ਆਈ.ਆਰ. ਦਾ ਹਿੱਸਾ ਹਨ। ਇਹ ਦੂਜੀ ਐਫ਼.ਆਈ.ਆਰ. ਚੋਕਸੀ ਅਤੇ ਉਸ ਦੀਆਂ ਜਾਇਦਾਦਾਂ ਗੀਤਾਂਜਲੀ ਜੇਮਜ਼, ਨਕਸ਼ੱਤਰ ਬ੍ਰਾਂਡਸ ਅਤੇ ਗਿਲੀ ਵਿਰੁਧ ਕਲ ਦਰਜ ਕੀਤੀ ਗਈ ਸੀ। ਇਹ ਸਾਲ ਐਲ.ਓ.ਯੂ. 2017-18 ਦੌਰਾਨ ਜਾਰੀ ਜਾਂ ਨਵੀਨੀਕ੍ਰਿਤ ਕੀਤੇ ਗਏ ਸਨ। (ਪੀਟੀਆਈ)