
ਜੈਪੁਰ, 25 ਦਸੰਬਰ : ਭਾਜਪਾ ਵਿਧਾਇਕ ਗਿਆਨ ਦੇਵ ਆਹੂਜਾ ਨੇ ਵਿਵਾਦਮਈ ਬਿਆਨ ਦਿੰਦਿਆਂ ਗਊ ਤਸਕਰਾਂ ਨੂੰ ਚੇਤਾਵਨੀ ਦਿਤੀ ਅਤੇ ਕਿਹਾ, 'ਜੇ ਕੋਈ ਵੀ ਵਿਅਕਤੀ ਗਊ ਤਸਕਰੀ ਜਾਂ ਗਊ ਹਤਿਆ ਵਿਚ ਸ਼ਾਮਲ ਹੋਵੇਗਾ ਤਾਂ ਐਵੇਂ ਹੀ ਮਾਰਿਆ ਜਾਵੇਗਾ।' ਅਲਵਰ ਵਿਚ ਵਾਪਰੀ ਗਊ ਤਸਕਰੀ ਦੀ ਘਟਨਾ ਬਾਬਤ ਆਹੂਜਾ ਨੇ ਕਿਹਾ ਕਿ ਗਊ ਤਸਕਰੀ ਅਤੇ ਗਊ ਹਤਿਆ ਸਬੰਧੀ ਲੋਕਾਂ ਅੰਦਰ ਨਾਰਾਜ਼ਗੀ ਹੈ। ਆਹੂਜਾ ਨੇ ਕਿਹਾ, 'ਮੇਰਾ ਤਾਂ ਸਿੱਧਾ ਸਿੱਧਾ ਕਹਿਣਾ ਹੈ ਕਿ ਗਊ ਤਸਕਰੀ ਜਾਂ ਗਊ ਹਤਿਆ ਕਰੋਗੇ ਤਾਂ ਐਵੇਂ ਹੀ ਮਾਰੇ ਜਾਉਗੇ।'
ਇਥੇ ਕੁੱਝ ਦਿਨ ਪਹਿਲਾਂ ਕਥਿਤ ਗਊ ਤਸਕਰ ਨੂੰ ਫੜ ਲਿਆ ਗਿਆ ਸੀ ਜਦਕਿ ਦੋ ਹੋਰ ਫ਼ਰਾਰ ਹੋ ਗਏ ਸਨ। ਗਊ ਤਸਕਰ ਦੀ ਸਥਾਨਕ ਲੋਕਾਂ ਨੇ ਕੁੱਟਮਾਰ ਕੀਤੀ ਸੀ।
ਆਹੂਜਾ ਨੇ ਕਿਹਾ ਕਿ ਗਊਆਂ ਲਿਜਾ ਰਹੇ ਵਾਹਨ ਦੇ ਪਲਟ ਜਾਣ ਨਾਲ ਕਥਿਤ ਤਸਕਰ ਜ਼ਖ਼ਮੀ ਹੋ ਗਿਆ ਸੀ। ਉਸ ਨੇ ਕਿਹਾ ਕਿ ਗਊ ਦੀ ਤਸਕਰੀ ਕਰਨ ਵਾਲੇ ਤਿੰਨ ਜਣੇ ਜਦ ਪਿੰਡ ਵਿਚੋਂ ਨਿਕਲ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਦੀ ਗੱਡੀ ਪਲਟ ਗਈ। ਇਕ ਤਸਕਰ ਫੜ ਲਿਆ ਗਿਆ ਜਦਕਿ ਦੋ ਭੱਜਣ ਵਿਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਗਊ ਤਸਕਰਾਂ ਕਾਰਨ ਲੋਕਾਂ ਅੰਦਰ ਗੁੱਸਾ ਹੈ ਕਿਉਂਕਿ ਉਹ ਗਊਆਂ ਦੀ ਹਤਿਆ ਕਰ ਰਹੇ ਹਨ। ਆਹੂਜਾ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਦੌਰਾਨ 100 ਤੋਂ ਵੱਧ ਘਟਨਾਵਾਂ ਵਾਪਰ ਚੁਕੀਆਂ ਹਨ। ਅਲਵਰ ਦੇ ਸਰਕਲ ਅਧਿਕਾਰੀ ਅਨਿਲ ਕੁਮਾਰ ਨੇ ਕਿਹਾ ਕਿ ਉਕਤ ਘਟਨਾ ਸਬੰਧੀ ਜਾਕਿਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਪਲਟ ਗਿਆ। (ਏਜੰਸੀ)