ਨਾਗਪੁਰ,
 30 ਸਤੰਬਰ : ਮੁੰਬਈ ਰੇਲਵੇ ਸਟੇਸ਼ਨ 'ਤੇ ਕਲ ਹੋਏ ਹਾਦਸੇ ਬਾਰੇ ਪ੍ਰਤੀਕਰਮ ਦਿੰਦਿਆਂ 
ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਕਿਹਾ ਕਿ ਜੇ ਏਨੀ ਜ਼ਿਆਦਾ ਗਿਣਤੀ 
ਵਿਚ ਦੂਜੇ ਰਾਜਾਂ ਦੇ ਲੋਕ ਮੁੰਬਈ ਆਉਂਦੇ ਰਹੇ ਤਾਂ ਸ਼ਹਿਰ ਵਿਚ ਅਜਿਹੇ ਹਾਦਸੇ ਹੁੰਦੇ 
ਰਹਿਣਗੇ। ਕਲ ਓਵਰਬ੍ਰਿਜ 'ਤੇ ਮਚੀ ਭਾਜੜ ਵਿਚ 22 ਜਣਿਆਂ ਦੀ ਮੌਤ ਹੋ ਗਈ ਸੀ। 
ਉਨ੍ਹਾਂ
 ਨਾਲ ਹੀ ਚੇਤਾਵਨੀ ਦਿਤੀ ਕਿ ਜਦ ਤਕ ਸਥਾਨਕ ਰੇਲਵੇ ਦਾ ਬੁਨਿਆਦੀ ਢਾਂਚਾ ਨਹੀਂ ਸੁਧਰਦਾ, 
ਮੁੰਬਈ ਵਿਚ ਬੁਲੇਟ ਟ੍ਰੇਨ ਪ੍ਰਾਜੈਕਟ ਲਈ ਇਕ ਵੀ ਇੱਟ ਲਾਉਣ ਨਹੀਂ ਦਿਤੀ ਜਾਵੇਗੀ। ਰਾਜ 
ਠਾਕਰੇ ਨੇ ਇਥੋਂ ਦੇ ਦਾਦਰ ਇਲਾਕੇ ਵਿਚ ਪੈਂਦੇ ਅਪਣੇ ਘਰ ਕ੍ਰਿਸ਼ਨ ਕੁੰਜ ਵਿਚ ਪੱਤਰਕਾਰਾਂ 
ਨਾਲ ਗੱਲਬਾਤ ਕਰਦਿਆਂ ਕਿਹਾ, 'ਦੂਜੇ ਖੇਤਰਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੀ ਭਾਰੀ ਭੀੜ 
ਕਾਰਨ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ 'ਤੇ ਅਸਰ ਪੈਂਦਾ ਹੈ।'  ਉਨ੍ਹਾਂ ਕਿਹਾ ਕਿ ਬਿਹਤਰ
 ਹੋਵੇਗਾ ਜੇ ਮੋਦੀ ਗੁਜਰਾਤ ਵਿਚ ਹੀ ਬੁਲੇਟ ਟ੍ਰੇਨ ਚਲਾ ਲੈਣ। 
ਠਾਕਰੇ ਨੇ ਕਿਹਾ ਕਿ 
ਉਨ੍ਹਾਂ ਸਰ ਜੇ ਜੇ ਕਾਲਜ ਵਿਚ ਕਲਾ ਦੀ ਪੜ੍ਹਾਈ ਦੌਰਾਨ ਦੋ ਸਾਲ ਤਕ ਮੁੰਬਈ ਉਪਨਗਰੀ 
ਟ੍ਰੇਨ ਸੇਵਾ ਵਿਚ ਸਫ਼ਰ ਕੀਤਾ ਹੈ ਅਤੇ ਉਹ ਜ਼ਮੀਨੀ ਹਾਲਾਤ ਤੋਂ ਵਾਕਫ਼ ਹਨ। ਠਾਕਰੇ ਨੇ ਕਿਹਾ
 ਕਿ ਉਨ੍ਹਾਂ ਦੀ ਪਾਰਟੀ ਦੇ ਨੇਤਾ ਨੇ ਵੀ ਭਾਜੜ ਵਾਲੀ ਥਾਂ 'ਤੇ ਨਵਾਂ ਓਵਰਬ੍ਰਿਜ ਬਣਾਉਣ 
ਲਈ ਚਿੱਠੀ ਲਿਖੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। (ਏਜੰਸੀ)
                    
                