
ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਦੇ ਸਾਰੇ ਕਰੀਬੀ ਹੋਲੀ-ਹੋਲੀ ਸਲਾਖਾਂ ਦੇ ਪਿੱਛੇ ਪਹੁੰਚ ਰਹੇ ਹਨ। ਹਨੀਪ੍ਰੀਤ ਤਾਂ ਪਹਿਲਾਂ ਹੀ ਜੇਲ ‘ਚ ਸਜ਼ਾ ਕੱਟ ਰਹੀ ਹੈ। ਦੂਸਰੇ ਪਾਸੇ ਪੁਲਿਸ ਵਿਪਾਸਨਾ ਨੂੰ ਵੀ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਪੰਚਕੂਲਾ ਹਿੰਸਾ ‘ਚ ਵਿਪਾਸਨਾ ਵੀ ਸ਼ਾਮਲ ਸੀ।
ਜਾਣਕਾਰੀ ਅਨੁਸਾਰ ਪੁਲਿਸ ਸੌਦਾ ਸਾਧ ਦੀ ਮਾਤਾ ਨਸੀਬ ਕੌਰ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਪੁਲਿਸ ਦੇ ਮੁਤਾਬਕ ਡੇਰਾ ਚੇਅਰਪਰਸਨ ਵਿਪਾਸਨਾ ਦੇ ਮੀਟਿੰਗ ‘ਚ ਸ਼ਾਮਲ ਹੋਣ ਦੀ ਜਾਣਕਾਰੀ ਸੌਦਾ ਸਾਧ ਦੀ ਮਾਂ ਨਸੀਬ ਕੌਰ ਨੂੰ ਵੀ ਸੀ। ਇਸ ਗੱਲ ਦਾ ਖੁਲਾਸਾ ਸੌਦਾ ਸਾਧ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਨੇ ਪੁੱਛਗਿੱਛ ਦੌਰਾਨ ਕੀਤਾ ਸੀ। ਸੌਦਾ ਸਾਧ ਦੀ ਵਿਸ਼ੇਸ਼ ਸੀ.ਬੀ.ਆਈ. ਕੋਰਟ ‘ਚ ਪੇਸ਼ੀ ਤੋਂ ਪਹਿਲਾਂ 17 ਅਗਸਤ 2017 ਨੂੰ ਸਿਰਸਾ ਡੇਰੇ ‘ਚ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ ਸੀ ਜਿਸ ‘ਚ 25 ਅਗਸਤ ਦੇ ਫੈਸਲੇ ਤੋਂ ਬਾਅਦ ਦੀ ਰਣਨੀਤੀ ਬਣਾਈ ਗਈ ਸੀ।
ਇਸ ਮਾਮਲੇ ਨੂੰ ਲੈ ਕੇ ਐੱਸ.ਆਈ.ਟੀ. ਦੀ ਪੁੱਛਗਿੱਛ ‘ਚ ਹਨੀਪ੍ਰੀਤ ਨੇ ਖੁਲਾਸਾ ਕੀਤਾ ਹੈ ਕਿ ਹਿੰਸਾ ‘ਚ ਵਿਪਾਸਨਾ ਦੀ ਭੂਮਿਕਾ ਵੀ ਸੀ। ਇਸ ਲਈ ਪੁਲਿਸ ਦੇ ਹੱਥ ਹੁਣ ਵਿਪਾਸਨਾ ਤੱਕ ਪਹੁੰਚਣ ਵਾਲੇ ਹਨ। ਹਨੀਪ੍ਰੀਤ ਦੇ ਖੁਲਾਸੇ ਤੋਂ ਬਾਅਦ ਪੁਲਿਸ ਹੁਣ ਇਸ ਮਾਮਲੇ ‘ਚ ਵਿਪਾਸਨਾ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ‘ਚ ਹੈ। ਪੁਲਿਸ ਵਿਪਾਸਨਾ ਤੋਂ ਇਲਾਵਾ ਰਣਬੀਰ ਸਿੰਘ, ਕੈਥਲ ਦੇ ਰਹਿਣ ਵਾਲੇ ਹਰੀਕੇਸ਼, ਸਿਰਸਾ ਦੇ ਹਰਦਮ ਸਿੰਘ ਅਤੇ ਅਮਰੀਕ ਸਿੰਘ, ਉਮੇਦ ਇੰਸਾ, ਪੂਰਣ ਸਿੰਘ, ਫੂਲ ਕੁਮਾਰ, ਮੋਹਿੰਦਰ ਇੰਸਾ ਨੂੰ ਵੀ ਦੋਸ਼ੀ ਬਣਾਇਆ ਹੈ। ਹਰਿਆਣਾ ਪੁਲਿਸ ਇੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੀ ਛਾਪੇਮਾਰੀ ਕਰ ਰਹੀ ਹੈ।
ਤੁਹਾਨੂੰ ਦੱਸ ਦਈਏ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ‘ਤੇ ਸਾਧਵੀਆਂ ਦੇ ਯੋਨ ਸੋਸ਼ਣ ਦਾ ਇਲਜਾਮ ਸੀ। ਜਿਸ ‘ਚ ਸੁਣਵਾਈ ਪੰਚਕੂਲਾ ਦੀ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਸੁਣਾਉਣੀ ਸੀ। 25 ਅਗਸਤ ਨੂੰ ਡੇਰਾ ਮੁਖੀ ਸੌਦਾ ਸਾਧ ਨੂੰ ਸਜ਼ਾ ਸੁਣਾਈ ਜਾਣੀ ਸੀ ਤਾਂ ਉਸ ਦਿਨ ਡੇਰੇ ਦੇ ਬਹੁਤ ਸਾਰੇ ਸਮਰਥਕ ਪੰਚਕੂਲਾ ਪਹੁੰਚ ਗਏ। ਉਸ ਸਮੇਂ ਅਦਾਲਤ ਨੇ ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਦੋਸ਼ੀ ਕਰਾਰ ਦੇਣ ਤੋਂ ਬਾਅਦ ਸੌਦਾ ਸਾਧ ਦੇ ਸਮਰਥਕਾਂ ਨੇ ਬਹੁਤ ਹਿੰਸਾ ਫਲਾਈ। ਕਈ ਥਾਵਾਂ ‘ਤੇ ਅੱਗ ਲਗਾ ਦਿੱਤੀ।
ਉਸ ਤੋਂ ਬਾਅਦ ਸੌਦਾ ਸਾਧ ਨੂੰ ਰੋਹਤਕ ਦੀ ਸੁਨਾਰੀਆ ਜੇਲ ਭੇਜ ਦਿੱਤਾ ‘ਤੇ ਸਜ਼ਾ 28 ਅਗਸਤ ਨੂੰ ਸੁਣਾਉਣੀ ਮੁਲਤਵੀ ਕਰ ਦਿੱਤੀ ਸੀ। 28 ਅਗਸਤ ਨੂੰ ਰੋਹਤਕ ਦੀ ਸੁਨਾਰੀਆ ਜੇਲ ‘ਚ ਹੀ ਕੋਰਟ ਬਣਾ ਕੇ ਸੌਦਾ ਸਾਧ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। 25 ਅਗਸਤ ਤੋਂ ਬਾਅਦ ਸੌਦਾ ਸਾਧ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਫਰਾਰ ਹੋ ਗਈ ਸੀ ਜਿਸ ਨੂੰ ਕਈ ਦੀਨਾ ਬਾਅਦ ਜੀਰਕਪੁਰ ਰੋਡ ਤੋਂ ਫੜ ਲਿਆ ਗਿਆ ਸੀ ਤੇ ਹੁਣ ਉਸ ਤੋਂ ਪੁੱਛਗਿੱਛ ਚੱਲ ਰਹੀ ਹੈ। ਉਸ ਤੋਂ ਪੁੱਛ ਗਿੱਛ ਦੌਰਾਨ ਕਈ ਖੁਲਾਸੇ ਸਾਹਮਣੇ ਆ ਰਹੇ ਹਨ।