
ਸਿਰਸਾ : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਚਕੇਰੀਆਂ ਪਿੰਡ ਦੇ ਲੱਕੜਵਾਲੀ ਰੋਡ ਤੋਂ 256 ਪਾਸਪੋਰਟ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਨ੍ਹਾਂ ਪਾਸਪੋਰਟਾਂ ਨੂੰ ਦੇਖ ਪੁਲਿਸ ਵੀ ਹੈਰਾਨ ਰਹਿ ਗਈ। ਕਾਲਾਂਵਾਲੀ ਥਾਣਾ ਪੁਲਿਸ ਵਲੋਂ ਸਾਰੇ ਪਾਸਪੋਰਟ ਅਪਣੇ ਕਬਜ਼ੇ 'ਚ ਲੈ ਕੇ ਸੂਚੀ ਬਣਾਉਣ 'ਚ ਜੁਟ ਗਈ ਹੈ। ਥਾਣਾ ਇੰਚਾਰਜ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਛੇਤੀ ਹੀ ਪੁਲਿਸ ਪਾਸਪੋਰਟ ਦਫ਼ਤਰ ਤੋਂ ਇਨ੍ਹਾਂ ਦਾ ਪੂਰਾ ਰਿਕਾਰਡ ਪਤਾ ਕਰੇਗੀ। ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਡੇਰਾ ਸੌਦਾ ਸਾਧ ਨਾਲ ਜੁੜਿਆ ਹੋ ਸਕਦਾ ਹੈ ਪਰ ਜਦੋਂ ਤਕ ਪੁਲਿਸ ਵਲੋਂ ਕੋਈ ਜਾਂਚ ਨਹੀਂ ਹੋ ਜਾਂਦੀ, ਉਦੋਂ ਤਕ ਕੁੱਝ ਵੀ ਨਹੀਂ ਕਿਹਾ ਜਾ ਸਕਦਾ।
ਦਸਿਆ ਜਾ ਰਿਹਾ ਹੈ ਕਿ ਪਾਸਪੋਰਟ ਦੀ ਖ਼ਬਰ ਸੁਣ ਕੇ ਲੁਧਿਆਣਾ ਤੋਂ 5 ਲੋਕ ਕਾਲਾਂਵਾਲੀ ਪਹੁੰਚੇ ਹਨ। ਪਾਸਪੋਰਟ ਲੈਣ ਆਏ ਲੋਕਾਂ ਦਾ ਕਹਿਣਾ ਹੈ ਕਿ ਪਾਸਪੋਰਟ ਲੁਧਿਆਣਾ ਦੀ ਇਕ ਕੰਪਨੀ ਨੇ ਵੀਜ਼ਾ ਲਗਵਾਉਣ ਲਈ ਲਏ ਸਨ।
ਫ਼ਿਲਹਾਲ ਕਾਲਾਂਵਾਲੀ ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁੱਝ ਸਮਾਂ ਪਹਿਲਾਂ ਬਠਿੰਡਾ ਤੋਂ 254 ਪਾਸਪੋਰਟ ਚੋਰੀ ਹੋਏ ਸਨ। ਹੋ ਸਕਦਾ ਹੈ ਕਿ ਇਹ ਪਾਸਪੋਰਟ ਉਹੀ ਹੋਣ। ਇਸ ਦੇ ਨਾਲ ਹੀ ਕੁੱਝ ਪੰਜਾਬ ਦੇ ਆਧਾਰ ਕਾਰਡ ਵੀ ਮਿਲੇ ਹਨ।