
ਨਵੀਂ ਦਿੱਲੀ, 14 ਮਾਰਚ: ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 12,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਪੀ.ਐਨ.ਬੀ. ਘੋਟਾਲੇ ਸਬੰਧੀ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵਿਰੁਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਇੰਟਰਪੋਲ ਦਾ ਰੁਖ਼ ਕੀਤਾ ਹੈ।ਅਧਿਕਾਰੀਆਂ ਨੇ ਦਸਿਆ ਕਿ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਇਕ ਮਾਮਲੇ 'ਚ ਅਦਾਲਤ ਵਲੋਂ ਜਾਰੀ ਗ਼ੈਰ-ਜ਼ਮਾਨਤੀ ਵਾਰੰਟ ਦੇ ਆਧਾਰ 'ਤੇ ਈ.ਡੀ. ਨੇ ਨੀਰਵ ਅਤੇ ਮੇਹੁਲ ਵਿਰੁਧ ਇੰਟਰਪੋਲ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਈ.ਡੀ. ਨੇ ਇਸ ਸਬੰਧੀ ਸੀ.ਬੀ.ਆਈ. ਕੋਲ ਅਪਣੀ ਅਪੀਲ ਭੇਜੀ ਹੈ ਤਾਂ ਕਿ ਫ਼ਰਾਂਸ ਦੇ ਲਯੋਨ ਸਥਿਤ ਇੰਟਰਪੋਲ ਮੁੱਖ ਦਫ਼ਤਰ ਸਾਹਮਣੇ ਇਹ ਮੁੱਦਾ ਉਠਾਇਆ ਜਾ ਸਕੇ। ਕਿਸੇ ਅਪਰਾਧਕ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਹਵਾਲਗੀ ਜਾਂ ਅਜਿਹੀ ਹੀ ਕਾਨੂੰਨੀ ਕਾਰਵਾਈ ਦੇ ਸਿਲਸਿਲੇ 'ਚ ਲੋੜੀਂਦੇ ਲੋਕਾਂ ਦੇ
ਟਿਕਾਣਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ। ਇਕ ਵਾਰ ਰੈੱਡ ਕਾਰਨਰ ਨੋਟਿਸ ਜਾਰੀ ਹੋ ਜਾਣ ਤੋਂ ਬਾਅਦ ਇੰਟਰਪੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਸਬੰਧਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਉਸ ਦੇਸ਼ ਨੂੰ ਉਸ ਨੂੰ ਹਿਰਾਸਤ 'ਚ ਲੈਣ ਬਾਰੇ ਸੂਚਿਤ ਕਰਦੀ ਹੈ ਤਾਂ ਕਿ ਉਸ ਦੇਸ਼ ਵਲੋਂ ਅੱਗੇ ਦੀ ਕਾਰਵਾਈ ਕੀਤੀ
ਜਾ ਸਕੇ। ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਈ.ਡੀ. ਦੀ ਅਪੀਲ 'ਤੇ ਗ਼ੈਰ ਜ਼ਮਾਨਤੀ ਵਾਰੰਟੀ ਜਾਰੀ ਕੀਤਾ ਸੀ। (ਪੀਟੀਆਈ)