
ਨਵੀਂ ਦਿੱਲੀ, 21 ਸਤੰਬਰ : ਇਸ ਵਾਰ
ਤਿਉਹਾਰੀ ਸੀਜ਼ਨ ਵਿਚ ਖ਼ਰੀਦਦਾਰੀ ਪ੍ਰਤੀ ਲੋਕਾਂ ਅੰਦਰ ਬਹੁਤਾ ਉਤਸ਼ਾਹ ਨਹੀਂ ਹੋਵੇਗਾ। ਇਹ
ਗੱਲ ਸਰਵੇਖਣ ਰੀਪੋਰਟ ਵਿਚ ਸਾਹਮਣੇ ਆਈ ਹੈ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਵਾਰ
ਤਿਉਹਾਰੀ ਸੀਜ਼ਨ ਵਿਚ ਖ਼ਰੀਦਦਾਰੀ ਵਿਚ ਕੋਈ ਜ਼ਿਕਰਯੋਗ ਵਾਧਾ ਹੋਣ ਦੀ ਉਮੀਦ ਨਹੀਂ।
ਨਾਗਰਿਕਾਂ ਨੂੰ ਜੋੜਨ ਵਾਲੇ ਪਲੇਟਫ਼ਾਰਮ ਲੋਕਲਸਕਿਲਜ਼ ਦੁਆਰਾ ਕਰਵਾਏ ਗਏ ਸਰਵੇਖਣ ਵਿਚ 52
ਫ਼ੀ ਸਦੀ ਲੋਕਾਂ ਨੇ ਕਿਹਾ ਕਿ ਇਸ ਵਾਰ ਤਿਉਹਾਰੀ ਸੀਜ਼ਨ 'ਚ ਉਨ੍ਹਾਂ ਦੀ ਖ਼ਰੀਦਦਾਰੀ 10,000
ਰੁਪਏ ਤਕ ਸੀਮਤ ਰਹੇਗੀ। 28 ਫ਼ੀ ਸਦੀ ਨੇ ਕਿਹਾ ਕਿ ਉਹ ਤਿਉਹਾਰੀ ਸੀਜ਼ਨ ਵਿਚ ਇਸ ਵਾਰ
ਕੁੱਝ ਵੀ ਖ਼ਰਚ ਨਹੀਂ ਕਰਨਗੇ।
ਬਹੁਤੇ ਲੋਕਾਂ ਨੇ ਕਿਹਾ ਕਿ ਰੋਜ਼ਾਨਾ ਲੋੜ ਦੀਆਂ ਚੀਜ਼ਾਂ
ਦੀਆਂ ਕੀਮਤਾਂ ਵੱਧ ਗਈਆਂ ਹਨ ਤੇ ਮਹਿੰਗਾਈ ਨੇ ਖ਼ਰੀਦ ਸ਼ਕਤੀ ਘਟਾ ਦਿਤੀ ਹੈ। ਕੁੱਝ ਲੋਕਾਂ
ਨੇ ਚੀਜ਼ਾਂ ਦੀਆਂ ਕੀਮਤਾਂ ਵਧਣ ਪਿੱਛੇ ਜੀਐਸਟੀ ਨੂੰ ਵੀ ਇਕ ਕਾਰਨ ਦਸਿਆ। ਸਰਵੇਖਣ ਵਿਚ
7659 ਲੋਕਾਂ ਦੇ ਵਿਚਾਰ ਲਏ ਗਏ। 19 ਫ਼ੀ ਸਦੀ ਲੋਕਾਂ ਦਾ ਕਹਿਣਾ ਸੀ ਕਿ ਉਹ ਤਿਉਹਾਰੀ
ਸੀਜ਼ਨ ਵਿਚ 10,000 ਤੋਂ 30,000 ਰੁਪਏ ਤਕ ਖ਼ਰਚ ਕਰਨਗੇ। ਰੀਪੋਰਟ ਕਹਿੰਦੀ ਹੈ ਕਿ ਇਹ 19
ਫ਼ੀ ਸਦੀ ਲੋਕ ਮੱਧ ਵਰਗ ਦੇ ਹਨ। 55 ਫ਼ੀ ਸਦੀ ਖਪਤਕਾਰਾਂ ਦਾ ਕਹਿਣਾ ਹੈ ਕਿ ਨਾ ਸਿਰਫ਼
ਤਿਉਹਾਰੀ ਸੀਜ਼ਨ ਵਿਚ ਉਹ ਕੋਈ ਵੱਡੀ ਖ਼ਰੀਦ ਨਹੀਂ ਕਰਨਗੇ ਸਗੋਂ ਅਗਲੇ ਇਕ ਸਾਲ ਤਕ ਉਨ੍ਹਾਂ
ਦਾ 50,000 ਰੁਪਏ ਤੋਂ ਵੱਧ ਮੁਲ ਦਾ ਕੋਈ ਵੱਡਾ ਉਤਪਾਦ ਖ਼ਰੀਦਣ ਦਾ ਇਰਾਦਾ ਨਹੀਂ। ਰੀਪੋਰਟ
ਵਿਚ ਕਿਹਾ ਗਿਆ ਹੈ ਕਿ ਬਹੁਤੇ ਲੋਕ ਮੰਨਦੇ ਹਨ ਕਿ ਆਉਣ ਵਾਲੇ ਮਹੀਨਿਆਂ ਵਿਚ ਉਨ੍ਹਾਂ ਦੀ
ਤਨਖ਼ਾਹ ਵਿਚ ਕਿਸੇ ਤਰ੍ਹਾਂ ਦਾ ਜ਼ਿਕਰਯੋਗ ਵਾਧਾ ਨਹੀਂ ਹੋਣ ਵਾਲਾ ਜਿਸ ਕਾਰਨ ਉਨ੍ਹਾਂ ਨੇ
ਅਪਣੀ ਖ਼ਰੀਦਦਾਰੀ ਨੂੰ ਸੀਮਤ ਰੱਖਣ ਦਾ ਫ਼ੈਸਲਾ ਕੀਤਾ ਹੈ। ਕਰੀਬ 28 ਫ਼ੀ ਸਦੀ ਲੋਕਾਂ ਨੇ
ਕਿਹਾ ਕਿ ਉਹ ਅਪਣੀ ਤਨਖ਼ਾਹ ਵਿਚ ਸਿਫ਼ਰ ਤੋਂ 15 ਫ਼ੀ ਸਦੀ ਤਕ ਵਾਧੇ ਦੀ ਉਮੀਦ ਕਰ ਰਹੇਹਨ।
41 ਫ਼ੀ ਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ 12 ਮਹੀਨਿਆਂ ਵਿਚ ਤਨਖ਼ਾਹ ਵਾਧੇ ਦੀ ਕੋਈ
ਉਮੀਦ ਨਹੀਂ। (ਏਜੰਸੀ)