
ਕਾਸਗੰਜ: ਗਣਤੰਤਰ ਦਿਵਸ ਮੌਕੇ ਯੂਪੀ ਦੇ ਕਾਸਗੰਜ ਵਿਚ ਦੋ ਤਬਕਿਆਂ ਵਿਚ ਹੋਈ ਝੜਪ ਮਗਰੋਂ ਇਲਾਕੇ ਵਿਚ ਤਣਾਅਪੂਰਨ ਹਾਲਾਤ ਬਣੇ ਹੋਏ ਹਨ। ਹਾਲਾਤ ਸੁਧਾਰਨ ਦੇ ਉਪਾਵਾਂ ਬਾਰੇ ਚਰਚਾ ਲਈ ਅੱਜ ਸ਼ਾਂਤੀ ਕਮੇਟੀ ਦੀ ਬੈਠਕ ਹੋਈ। ਅਲੀਗੜ੍ਹ ਜ਼ੋਨ ਦੇ ਡੀਜੀਪੀ ਸੰਜੀਵ ਕੁਮਾਰ ਗੁਪਤਾ ਨੇ ਦਸਿਆ ਕਿ ਹਾਲਾਤ ਨੂੰ ਠੀਕ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਹਾਲਾਂਕਿ ਅੱਜ ਸ਼ਹਿਰ ਦੇ ਨਦਰਈ ਗੇਟ ਇਲਾਕੇ ਦੇ ਬਾਕਨੇਰ ਕੋਲ ਗੁਮਟੀ ਵਿਚ ਅੱਗ ਲਾ ਦਿਤੀ ਗਈ। ਇਸੇ ਦੌਰਾਨ ਹਿੰਸਾ ਵਿਚ ਜ਼ਖ਼ਮੀ ਹੋਏ ਵਿਅਕਤੀ ਦੀ ਅੱਖ ਖ਼ਰਾਬ ਹੋ ਗਈ ਹੈ। ਡਾਕਟਰਾਂ ਮੁਤਾਬਕ ਸ਼ੁਕਰਵਾਰ ਦੀ ਰਾਤ ਨੂੰ ਦਾਖ਼ਲ ਕਰਵਾਏ ਗਏ 31 ਸਾਲਾ ਮੁਹੰਮਦ ਅਕਰਮ ਦੀ ਅੱਖ ਵਿਚ ਗੰਭੀਰ ਸੱਟਾਂ ਸਨ। ਡਾਕਟਰਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੀ ਅੱਖ ਨਹੀਂ ਬਚਾਈ ਜਾ ਸਕੀ।
ਨਾਮਜ਼ਦ ਮੁਲਜ਼ਮਾਂ ਦੇ ਘਰਾਂ 'ਤੇ ਛਾਪੇ ਮਾਰੇ ਜਾ ਰਹੇ ਹਨ। ਹੁਣ ਤਕ 80 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਾ ਹੈ। ਡੀਜੀਪੀ ਓ ਪੀ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਹਿੰਸਾ ਵਿਚ ਸ਼ਾਮਲ ਲੋਕਾਂ ਵਿਰੁਧ ਕੌਮੀ ਸੁਰੱਖਿਆ ਕਾਨੂੰਨ ਦੀ ਤਾਮੀਲ ਕੀਤੀ ਜਾਵੇਗੀ। ਹੁਣ ਤਕ 80 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਾ ਹੈ। ਘਰ ਘਰ ਵਿਚ ਤਲਾਸ਼ੀ ਲਈ ਜਾ ਰਹੀ ਹੈ। ਕੁੱਝ ਥਾਵਾਂ ਤੋਂ ਵਿਸਫੋਟਕ ਬਰਾਮਦ ਹੋਏ ਹਨ। Àਨ੍ਹਾਂ ਦਸਿਆ ਕਿ ਗਣਤੰਤਰ ਦਿਵਸ ਰਾਸ਼ਟਰੀ ਉਤਸਵ ਹੈ ਅਤੇ ਇਸ ਨੂੰ ਮਨਾਉਣ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ। ਹਾਲਾਤ ਨੂੰ ਵੋਖਦਿਆਂ ਕਾਸਗੰਜ ਵਿਚ ਸ਼ਾਂਤੀ ਕਮੇਟੀ ਦੀ ਬੈਠਕ ਹੋਈ।
ਪੁਲਿਸ ਅਧਿਕਾਰੀ ਅਜੇ ਆਨੰਦ ਨੇ ਬੈਠਕ ਮਗਰੋਂ ਪੱਤਰਕਾਰਾਂ ਕੋਲ ਦਾਅਵਾ ਕੀਤਾ ਕਿ ਸ਼ਹਿਰ ਵਿਚ ਡਰ ਦਾ ਮਾਹੌਲ ਨਹੀਂ ਹੈ। ਪੁਲਿਸ ਨੇ ਵਾਰਦਾਤ 'ਤੇ ਰੋਕ ਲਾਈ ਹੈ ਅਤੇ ਘਟਨਾਵਾਂ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਂਤੀ ਕਮੇਟੀ ਦੀ ਬੈਠਕ ਵਿਚ ਸ਼ਹਿਰ ਦੇ ਪਤਵੰਤੇ ਸ਼ਾਮਲ ਸਨ ਅਤੇ ਬੈਠਕ ਵਿਚ ਤੈਅ ਕੀਤਾ ਗਿਆ ਕਿ ਸਾਰੇ ਦੁਕਾਨਦਾਰ ਆਪੋ-ਅਪਣੀਆਂ ਦੁਕਾਨਾਂ ਖੋਲ੍ਹਣਗੇ।
ਬੈਠਕ ਵਿਚ ਸ਼ਾਮਲ ਲੋਕਾਂ ਨੂੰ ਆਪੋ-ਅਪਣੇ ਇਲਾਕਿਆਂ ਵਿਚ ਨਿਗਰਾਨੀ ਰੱਖਣ ਨੂੰ ਕਿਹਾ ਗਿਆ ਹੈ। ਕਲ ਵੱਖ ਵੱਖ ਜਥੇਬੰਦੀਆਂ ਦੁਆਰਾ ਮੋਟਰਸਾਈਕਲ ਰੈਲੀ ਕੱਢੇ ਜਾਣ ਦੌਰਾਨ ਦੋਹਾਂ ਧਿਰਾਂ ਵਿਚਕਾਰ ਪਥਰਾਅ ਅਤੇ ਗੋਲੀਬਾਰੀ ਹੋਈ ਸੀ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ ਸੀ।