
ਨਵੀਂ
ਦਿੱਲੀ, 5 ਸਤੰਬਰ: ਵਣਜ ਅਤੇ ਉਦਯੋਗ ਮੰਤਰਾਲਾ ਛੇਤੀ ਹੀ ਭਾਰਤੀ ਖੇਤੀ ਉਤਪਾਦਾਂ ਦੀ
ਕੌਮਾਂਤਰੀ ਬਾਜ਼ਾਰ 'ਚ ਪਹੁੰਚ ਬਣਾਉਣ ਲਈ ਇਕ ਨੀਤੀਗਤ ਢਾਂਚਾ ਬਣਾਏਗਾ। ਇਹ ਜਾਣਕਾਰੀ ਅੱਜ
ਕੇਂਦਰੀ ਵਣਜ ਮੰਤਰੀ ਸੁਰੇਸ਼ ਪ੍ਰਭੂ ਨੇ ਦਿਤੀ।
ਪ੍ਰਭੂ ਨੇ ਕਲ ਹੀ ਵਣਜ ਅਤੇ ਉਦਯੋਗ
ਮੰਤਰਾਲੇ ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਖੇਤੀਬਾੜੀ
ਖੇਤਰ ਲਈ ਇਕ ਕੌਮਾਂਤਰੀ ਸਪਲਾਈ ਲੜੀ ਵਿਕਸਤ ਕਰਨ ਲਈ ਕੰਮ ਕਰੇਗਾ। ਇਥੇ 10ਵੇਂ ਖੇਤੀਬਾੜੀ
ਲੀਡਰਸ਼ਿਪ ਸੰਮੇਲਨ 2017 ਨੂੰ ਸੰਬੋਧਨ ਕਰਦਿਆਂ ਪ੍ਰਭੂ ਨੇ ਕਿਹਾ ਕਿ ਭਾਰਤ ਦੇ ਖੇਤੀ
ਨਿਰਯਾਤ ਨੂੰ ਗਤੀ ਦੇਣ ਲਈ ਬਹੁਪੱਖੀ ਪੱਧਰ 'ਤੇ ਵਪਾਰ ਪਾਬੰਦੀਆਂ ਨੂੰ ਵੀ ਹਟਾਏ ਜਾਣ ਦੀ
ਜ਼ਰੂਰਤ ਹੈ।
ਪ੍ਰਭੂ ਨੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਜੇਕਰ ਕਿਸਾਨ ਕੁੱਝ ਉਗਾਉਂਦੇ
ਹਨ ਤਾਂ ਉਸ ਦੀ ਪਹੁੰਚ ਕੌਮਾਂਤਰੀ ਬਾਜ਼ਾਰ ਤਕ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ
ਬਿਹਤਰ ਕੀਮਤ ਮਿਲਣੀ ਚਾਹੀਦੀ ਹੈ ਅਤੇ ਇਸ ਲਈ ਅਸੀਂ ਛੇਤੀ ਹੀ ਇਕ ਨੀਤੀਗਤ ਢਾਂਚਾ
ਬਣਾਵਾਂਗੇ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਖੇਤੀ ਉਤਪਾਦਾਂ ਨੂੰ ਕੌਮਾਂਤਰੀ ਬਾਜ਼ਾਰ ਤਕ
ਲਿਜਾਣ ਦਾ ਅਧਿਕਾਰ ਹੈ। ਬਸ ਸਾਨੂੰ ਹਰ ਤਰ੍ਹਾਂ ਦੇ ਕਾਰੋਬਾਰੀ ਪਾਬੰਦੀ ਵਾਲੀਆਂ
ਗਤੀਵਿਧੀਆਂ ਨੂੰ ਖ਼ਤਮ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ
ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦਾ ਇਕ ਟੀਚਾ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਕਰਨਾ
ਵੀ ਹੈ।
ਸਾਲ 2016-17 'ਚ ਭਾਰਤ ਦਾ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਲਗਭਗ 16.27
ਅਰਬ ਡਾਲਰ ਰਿਹਾ। ਇਸ 'ਚ ਅਨਾਜ, ਪ੍ਰੋਸੈਸਡ ਫੱਲ ਅਤੇ ਸਬਜ਼ੀਆਂ, ਪ੍ਰਸੈਸਡ ਖਾਧ ਅਤੇ ਪਸ਼ੂ
ਉਤਪਾਦ ਸ਼ਾਮਲ ਹਨ। (ਪੀਟੀਆਈ)