
ਨਵੀਂ ਦਿੱਲੀ, 5 ਮਾਰਚ : ਉੱਤਰ ਪੂਰਬੀ ਸੂਬਿਆਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਚੁੱਪ ਤੋੜਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਲੋਕਾਂ ਵਲੋਂ ਮਿਲੇ ਫ਼ਤਵੇ ਦਾ ਸਵਾਗਤ ਕਰਦੇ ਹਨ ਪਰ ਨਾਲ ਹੀ ਕਾਂਗਰਸ ਲੋਕਾਂ ਦਾ ਭਰੋਸਾ ਮੁੜ ਜਿੱਤਣ ਲਈ ਵਚਨਬੱਧ ਹੈ। ਰਾਹੁਲ ਨੇ ਭਾਜਪਾ ਵਿਰੁਧ ਦੋਸ਼ ਲਾਇਆ ਕਿ ਉਸ ਨੇ ਮਨੀਪੁਰ ਅਤੇ ਗੋਆ ਵਾਂਗ ਮੇਘਾਲਿਆ ਵਿਚ ਲੋਕਾਂ ਦੇ ਫ਼ਤਵੇ ਦਾ ਅਪਮਾਨ ਕੀਤਾ ਹੈ ਅਤੇ ਮਹਿਜ਼ ਦੋ ਸੀਟਾਂ ਜਿੱਤਣ ਮਗਰੋਂ ਵੀ ਅਸਿੱਧੇ ਢੰਗ ਨਾਲ ਸੱਤਾ ਹਾਸਲ ਕਰ ਲਈ। ਰਾਹੁਲ ਨੇ ਕਿਹਾ, 'ਸੱਤਾ ਹਥਿਆਉਣ ਦੀ ਭੁੱਖ ਅਤੇ ਮੌਕਾਪ੍ਰਸਤ ਗਠਜੋੜ ਬਣਾਉਣ ਲਈ ਪੈਸੇ ਦੀ ਬੇਤਹਾਸ਼ਾ ਵਰਤੋਂ ਕੀਤੀ ਗਈ।'
ਤਿੰਨ ਸੂਬਿਆਂ ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਨੂੰ ਮੇਘਾਲਿਆ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਤ੍ਰਿਪੁਰਾ ਅਤੇ ਨਾਗਾਲੈਂਡ ਵਿਚ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲੀ। ਮੇਘਾਲਿਆ ਵਿਚ ਕਾਂਗਰਸ ਨੂੰ 21 ਸੀਟਾਂ ਮਿਲੀਆਂ ਪਰ ਸਥਾਨਕ ਧਿਰਾਂ ਨੂੰ ਇਕੱਠਾ ਕਰਨ ਵਿਚ ਅਸਫ਼ਲ ਰਹਿਣ 'ਤੇ ਕਾਂਗਰਸ ਇਥੇ ਸਰਕਾਰ ਨਹੀਂ ਬਣਾ ਸਕੀ। ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਅਹਿਮਦ ਪਟੇਲ ਅਤੇ ਕਮਲਨਾਥ ਸਥਾਨਕ ਧਿਰਾਂ ਨਾਲ ਗੱਲਬਾਤ ਕਰਨ ਲਈ ਸ਼ਿਲੌਂਗ ਗਏ ਸਨ ਪਰ ਕੋਈ ਕਾਮਯਾਬੀ ਨਾ ਮਿਲੀ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਉੱਤਰ ਪੂਰਬ ਵਿਚ ਪਾਰਟੀ ਦੀ ਮਜ਼ਬੂਤੀ ਅਤੇ ਲੋਕਾਂ ਦਾ ਭਰੋਸਾ ਮੁੜ ਹਾਸਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਟਵਿਟਰ 'ਤੇ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੇ ਹਰ ਵਰਕਰ ਦਾ ਧਨਵਾਦ ਕੀਤਾ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਇਟਲੀ ਵਿਚ ਰਹਿ ਰਹੀ ਅਪਣੀ 93 ਸਾਲਾ ਨਾਨੀ ਨੂੰ ਮਿਲਣ ਜਾਣਗੇ ਤੇ ਚੋਣ ਨਤੀਜਿਆਂ ਸਮੇਂ ਉਥੇ ਹੀ ਸਨ। (ਪੀ.ਟੀ.ਆਈ.)