
ਨਵੀਂ ਦਿੱਲੀ, 24 ਨਵੰਬਰ: ਪਦਮਾਵਤੀ ਫ਼ਿਲਮ ਵਿਵਾਦ ਵਿਚਕਾਰ ਉਪਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਹਿੰਸਕ ਧਮਕੀਆਂ ਦੇਣਾ ਅਤੇ ਕਿਸੇ ਨੂੰ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਉਣ ਲਈ ਇਨਾਮ ਦਾ ਐਲਾਨ ਕਰਨਾ ਲੋਕਤੰਤਰ 'ਚ ਮਨਜ਼ੂਰ ਨਹੀਂ ਹੈ।ਉਪਰਾਸ਼ਟਰਪਤੀ ਨੇ ਇਸ ਵਿਵਾਦ ਉਤੇ ਸਪੱਸ਼ਟ ਤੌਰ 'ਤੇ ਕੁੱਝ ਨਹੀਂ ਕਿਹਾ ਪਰ ਆਮ ਤੌਰ 'ਤੇ ਫ਼ਿਲਮਾਂ ਅਤੇ ਕਲਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇਸ਼ 'ਚ ਕਾਨੂੰਨ ਦੇ ਰਾਜ ਦੀ ਉਲੰਘਣਾ ਵਿਰੁਧ ਚੇਤਾਵਨੀ ਦਿਤੀ।ਇੱਥੇ ਇਕ ਸਾਹਿਤਕ ਪ੍ਰੋਗਰਾਮ 'ਚ ਨਾਇਡੂ ਨੇ ਕਿਹਾ ਕਿ ਅਜੇ ਕੁੱਝ ਫ਼ਿਲਮਾਂ ਨੂੰ ਲੈ ਕੇ ਨਵੀਂ ਸਮੱਸਿਆ ਪੈਦਾ ਹੋ ਗਈ ਹੈ ਜਿੱਥੇ ਕੁੱਝ ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੇ ਕੁੱਝ ਧਰਮਾਂ ਜਾਂ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਢਾਹ ਲਾਈ ਹੈ ਅਤੇ ਇਸੇ ਕਰ ਕੇ ਪ੍ਰਦਰਸ਼ਨ ਨਹੀਂ ਹੋ ਰਹੇ।ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨ ਦੌਰਾਨ ਕੁੱਝ ਲੋਕ ਭਾਵਨਾਵਾਂ 'ਚ ਵਹਿ ਕੇ ਇਨਾਮ ਦਾ ਐਲਾਨ ਕਰ ਦਿੰਦੇ ਹਨ। ਉਪਰਾਸ਼ਟਰਪਤੀ ਨੇ ਕਿਹਾ, ''ਇਨ੍ਹਾਂ ਲੋਕਾਂ ਕੋਲ ਏਨਾ ਪੈਸਾ ਹੈ ਵੀ ਜਾਂ ਨਹੀਂ, ਮੈਨੂੰ ਸ਼ੱਕ ਹੈ। ਸਾਰੇ ਇਕ ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕਰ ਰਹੇ ਹਨ। ਕੀ ਇਕ ਕਰੋੜ ਰੁਪਏ ਹੋਣਾ ਏਨਾ ਆਸਾਨ ਹੈ?''ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਇਹ ਮਨਜ਼ੂਰ ਨਹੀਂ ਹੈ। ਲੋਕਤੰਤਰ 'ਚ ਵਿਰੋਧ ਕਰਨ ਦਾ ਅਧਿਕਾਰ ਤਾਂ ਹੈ ਪਰ ਤੁਸੀ ਸਰੀਰਕ ਰੋਕ ਪੈਦਾ ਨਹੀਂ ਕਰ ਸਕਦੇ ਅਤੇ ਹਿੰਸਕ ਧਮਕੀਆਂ ਨਹੀਂ ਦੇ ਸਕਦੇ। ਕਾਨੂੰਨ ਦੇ ਸ਼ਾਸਨ ਦੀ ਉਲੰਘਣਾ ਨਾ ਕਰੋ।
ਉਨ੍ਹਾਂ ਕਿਹਾ ਕਿ ਉਹ ਕਿਸੇ ਫ਼ਿਲਮ ਵਿਸ਼ੇਸ਼ ਬਾਬਤ ਨਹੀਂ ਬਲਕਿ ਸਾਰੀਆਂ ਫ਼ਿਲਮਾਂ ਅਤੇ ਕਲਾਵਾਂ ਬਾਰੇ ਗੱਲ ਕਰ ਰਹੇ ਹਨ ਅਤੇ ਉਨ੍ਰਾਂ ਪਹਿਲਾਂ ਪਾਬੰਦੀਸ਼ੁਦਾ ਕੀਤੀਆਂ ਗਈਆਂ ਫ਼ਿਲਮਾਂ ਗਰਮ ਹਵਾ, ਕਿੱਸਾ ਕੁਰਸੀ ਕਾ ਅਤੇ ਆਂਧੀ ਦਾ ਹਵਾਲਾ ਦਿਤਾ। ਉਨ੍ਹਾਂ ਦੀ ਟਿਪਣੀ ਮੌਜੂਦਾ ਸਥਿਤੀਆਂ 'ਚ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਫ਼ਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਪਦਮਾਵਤੀ 'ਚ ਇਤਿਹਾਸਕ ਤੱਥਾਂ ਨਾਲ ਛੇੜਖਾਨੀ ਦੇ ਦੋਸ਼ਾਂ ਨੂੰ ਲੈ ਕੇ ਬਹੁਤ ਵਿਵਾਦ ਚਲ ਰਹੇ ਹਨ। ਰਾਣੀ ਪਦਮਾਵਤੀ ਦੀ ਹੋਂਦ ਨੂੰ ਲੈ ਕੇ ਇਤਿਹਾਸਕਾਰ ਵੀ ਇਕਮਤ ਨਹੀਂ ਹਨ।ਕੁੱਝ ਸਿਆਸਤਦਾਨਾਂ ਅਤੇ ਜਥੇਬੰਦੀਆਂ ਨੇ ਕਥਿਤ ਤੌਰ 'ਤੇ ਭੰਸਾਲੀ ਅਤੇ ਫ਼ਿਲਮ ਦੀ ਮੁੱਖ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਸਿਰ ਵੱਢ ਕੇ ਲਿਆਉਣ ਵਾਲਿਆਂ ਲਈ ਇਨਾਮ ਦਾ ਐਲਾਨ ਕੀਤਾ ਹੈ। ਨਾਇਡੂ ਨੇ ਕਿਹਾ ਕਿ ਕਾਨੂੰਨ ਨੂੰ ਅਪਣੇ ਹੱਥਾਂ 'ਚ ਲੈਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਇਸ ਦੇ ਨਾਲ ਹੀ ਤੁਹਾਨੂੰ ਦੂਜਿਆਂ ਦੀਆਂ ਭਾਵਨਾਵਾਂ ਨੂੰ ਢਾਹ ਲਾਉਣ ਦਾ ਵੀ ਕੋਈ ਅਧਿਕਾਰ ਨਹੀਂ ਹੈ।ਉਪ-ਰਾਸ਼ਟਰਪਤੀ ਨੇ ਚੋਣਵੇਂ ਤਰੀਕੇ ਨਾਲ ਨਿੰਦਾ ਕਰਨ ਉਤੇ ਚੇਤਾਵਨੀ ਦਿਤੀ ਅਤੇ ਕਿਹਾ ਕਿ ਇਸ ਨੂੰ ਧਰਮ ਨਾਲ ਜੋੜਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਧਰਮ ਅਤੇ ਸੰਸਕ੍ਰਿਤੀ ਵਿਚਕਾਰ ਫ਼ਰਕ ਹੁੰਦਾ ਹੈ। ਧਰਮ ਪੂਜਾ ਦੀ ਇਕ ਪੱਧਤੀ ਹੈ ਜਦਕਿ ਸੰਸਕ੍ਰਿਤੀ ਜੀਵਨ ਜੀਣ ਦਾ ਤਰੀਕਾ ਹੈ। (ਪੀਟੀਆਈ)