
ਇਹ ਬਦਲੇ ਦੀ ਕਾਰਵਾਈ : ਕਾਂਗਰਸ, ਅਦਾਲਤ ਨੇ ਇਕ ਦਿਨ ਲਈ ਸੀਬੀਆਈ ਹਿਰਾਸਤ ਵਿਚ ਭੇਜਿਆ
ਨਵੀਂ ਦਿੱਲੀ, 28 ਫ਼ਰਵਰੀ : ਆਈਐਨਐਕਸ ਮੀਡੀਆ ਮਾਮਲੇ ਵਿਚ ਅਪਣੀ ਜਾਂਚ ਦੇ ਸਿਲਸਿਲੇ ਵਿਚ ਸੀਬਆਈ ਨੇ ਅੱਜ ਕਾਰਤੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦਾ ਬੇਟਾ ਹੈ। ਅਧਿਕਾਰੀਆਂ ਨੇ ਦਸਿਆ ਕਿ ਕਾਰਤੀ ਨੂੰ ਚੇਨਈ ਹਵਾਈ ਅੱਡੇ ਤੋਂ ਸਵੇਰੇ ਕਰੀਬ ਅੱਠ ਵਜੇ ਗ੍ਰਿਫ਼ਤਾਰ ਕੀਤਾ ਗਿਆ। ਕਾਰਤੀ ਬ੍ਰਿਟੇਨ ਤੋਂ ਮੁੜਿਆ ਸੀ। 46 ਸਾਲਾ ਕਾਰਤੀ ਨੂੰ ਜਹਾਜ਼ 'ਚ ਦਿੱਲੀ ਲਿਆਂਦਾ ਗਿਆ। ਜਾਂਚ ਏਜੰਸੀ ਨੇ ਪਹਿਲਾਂ ਉਸ ਨੂੰ ਸੰਮਨ ਭੇਜਿਆ ਸੀ। ਸੀਬੀਆਈ ਨੇ ਪਿਛਲੇ ਸਾਲ 15 ਮਈ ਨੂੰ ਐਫ਼ਆਈਆਰ ਦਰਜ ਕੀਤੀ ਸੀ। ਦੋਸ਼ ਹੈ ਕਿ 2007 ਵਿਚ ਪੀ ਚਿਦੰਬਰਮ ਦੇ ਕੇਂਦਰੀ ਵਿੱਤ ਮੰਤਰੀ ਹੁੰਦਿਆਂ ਆਈਐਨਐਕਸ ਮੀਡੀਆ ਨੂੰ ਵਿਦੇਸ਼ਾਂ ਤੋਂ ਕਰੀਬ 305 ਕਰੋੜ ਰੁਪਏ ਦੀ ਰਕਮ ਦੀ ਪ੍ਰਵਾਨਗੀ ਮਿਲਣ ਵਿਚ ਕਥਿਤ ਹੇਰਾਫੇਰੀ ਹੋਈ ਸੀ। ਦੋਸ਼ ਹੈ ਕਿ ਇਸ ਮਾਮਲੇ ਵਿਚ ਕਾਰਤੀ ਨੂੰ ਦਸ ਲੱਖ ਰੁਪਏ ਮਿਲੇ ਸਨ। ਕਾਰਤੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਸੀਬੀਆਈ ਦੀ ਇਕ ਦਿਨਾ ਹਿਰਾਸਤ ਵਿਚ ਭੇਜ ਦਿਤਾ।
ਸੀਬੀਆਈ ਦਾ ਕਹਿਣਾ ਹੈ ਕਿ ਕਾਰਤੀ ਨੇ ਕਰ ਜਾਂਚ ਨੂੰ ਟਾਲਣ ਲਈ ਆਈਐਨਐਕਸ ਮੀਡੀਆ ਤੋਂ ਪੈਸਾ ਵੀ ਲਿਆ ਸੀ। ਉਸ ਵਕਤ ਕੰਪਨੀ ਦੇ ਮਾਲਕ ਪੀਟਰ ਅਤੇ ਇੰਦਰਾਣੀ ਮੁਖਰਜੀ ਸਨ। ਇੰਦਰਾਣੀ ਦੀ ਬੇਟੀ ਸ਼ੀਨਾ ਬੋਰਾ ਦੀ ਹਤਿਆ ਦੇ ਦੋਸ਼ ਵਿਚ ਦੋਵੇਂ ਇਸ ਵਕਤ ਜੇਲ ਵਿਚ ਹਨ। ਈਡੀ ਨੇ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਮਾਮਲਾ ਦਰਜ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਬਦਲੇ ਦੀ ਕਾਰਵਾਈ ਅਤੇ ਅਪਣੇ ਸਮੇਂ ਹੋਏ ਘਪਲਿਆਂ ਤੋਂ ਧਿਆਨ ਲਾਂਭੇ ਕਰਨ ਲਈ ਇਹ ਸੱਭ ਕਰ ਕਰ ਰਹੀ ਹੈ। ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਾਰਤੀ ਦੀ ਗ੍ਰਿਫ਼ਤਾਰੀ ਉਨ੍ਹਾਂ ਨੂੰ ਸੱਚ ਬੋਲਣ ਤੋਂ ਰੋਕ ਨਹੀਂ ਸਕਦੀ। ਸੁਰਜੇਵਾਲਾ ਨੇ ਕਿਹਾ, 'ਪੀ ਚਿਦੰਬਰਮ ਅਤੇ ਉਸ ਦੇ ਪਰਵਾਰ ਵਿਰੁਧ ਕੀਤੀ ਗਈ ਬਦਲੇ ਦੀ ਕਾਰਵਾਈ ਨਾਲ ਕਾਂਗਰਸ ਪਾਰਟੀ ਨੂੰ ਰੋਕਿਆ ਨਹੀਂ ਜਾ ਸਕਦਾ। ਅਸੀਂ ਸੱਚ ਬੋਲਦੇ ਰਹਾਂਗੇ। ਅਸੀਂ ਮੋਦੀ ਸਰਕਾਰ ਦੇ ਘਪਲਿਆਂ ਨੂੰ ਉਜਾਗਰ ਕਰਦੇ ਰਹਾਂਗੇ ਅਤੇ ਅਸੀਂ ਦੇਸ਼ ਦੇ ਲੋਕਾਂ ਪ੍ਰਤੀ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਨਾ ਜਾਰੀ ਰੱਖਾਂਗੇ।' ਉਧਰ, ਕਾਰਤੀ ਨੇ ਕਿਹਾ ਕਿ ਉਸ ਨੂੰ ਪਹਿਲਾਂ ਹੀ ਗ੍ਰਿਫ਼ਤਾਰੀ ਦਾ ਖ਼ਦਸ਼ਾ ਸੀ। ਉਸ ਨੇ ਕਿਹਾ ਕਿ ਉਸ ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ਕਿ ਜਦ ਉਹ ਲੰਦਨ ਤੋਂ ਮੁੜੇਗਾ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਸੁਰਜੇਵਾਲਾ ਨੇ ਕਿਹਾ, 'ਸਾਡਾ ਸਿਰਫ਼ ਇਹ ਕਹਿਣਾ ਹੈ ਕਿ ਤੁਸੀਂ ਜਿੰਨੇ ਹੋਰ ਮੁਕੱਦਮੇ ਦਰਜ ਕਰਨੇ ਹਨ, ਕਰ ਲਉ, ਸਾਨੂੰ ਇਤਰਾਜ਼ ਨਹੀਂ। ਅਦਾਲਤ ਦੀ ਕਵਾਇਦ ਹੈ, ਉਹ ਆਪ ਫ਼ੈਸਲਾ ਕਰੇਗੀ ਅਤੇ ਜੋ ਗੱਲ ਝੂਠ ਹੈ, ਉਹ ਝੂਠ ਸਾਬਤ ਹੋਵੇਗੀ।'
(ਏਜੰਸੀ)