ਹੈਦਰਾਬਾਦ,
 15 ਸਤੰਬਰ : ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਪ੍ਰਧਾਨ 
ਅਸਾਦੂਦੀਨ ਓਵੈਸੀ ਨੇ ਕਿਹਾ ਹੈ ਕਿ ਜੇ ਤਿੱਬਤ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਸ਼ਰਨਾਰਥੀ 
ਭਾਰਤ ਵਿਚ ਰਹਿ ਸਕਦੇ ਹਨ ਤਾਂ ਮਿਆਂਮਾਰ ਦੇ ਰੋਹਿੰਗਿਆ ਮੁਸਲਮਾਨ  ਇਥੇ ਕਿਉਂ ਨਹੀਂ ਰਹਿ 
ਸਕਦੇ? ਉਨ੍ਹਾਂ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਦਾ ਵੀ ਹਵਾਲਾ ਦਿਤਾ। 
ਤਸਲੀਮਾ 
ਨੇ ਅਪਣੇ ਦੇਸ਼ ਵਿਚ ਇਸਲਾਮੀ ਕੱਟੜਵਾਦੀਆਂ ਤੋਂ ਧਮਕੀ ਮਿਲਣ ਮਗਰੋਂ ਇਕ ਦਹਾਕੇ ਤੋਂ ਵੀ 
ਜ਼ਿਆਦਾ ਸਮੇਂ ਤੋਂ ਭਾਰਤ ਵਿਚ ਸ਼ਰਨ ਲਈ ਹੋਈ ਹੈ। ਓਵੈਸੀ ਨੇ ਕਿਹਾ, 'ਅਪਣਾ ਸੱਭ ਕੁੱਝ ਗਵਾ
 ਚੁੱਕੇ ਉਨ੍ਹਾਂ ਲੋਕਾਂ ਨੂੰ ਕੀ ਵਾਪਸ ਭੇਜਣਾ ਮਾਨਵਤਾ ਹੈ? ਇਹ ਗ਼ਲਤ ਹੈ।' ਉਨ੍ਹਾਂ ਕਲ 
ਦੇਰ ਰਾਤ ਇਥੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਪੁਛਿਆ, 'ਜੇ ਬੰਗਲਾਦੇਸ਼ੀ ਲੇਖਿਕਾ ਭਾਰਤ 
ਵਿਚ ਸ਼ਰਨ ਲੈ ਸਕਦੀ ਹੈ ਤਾਂ ਰੋਹਿੰਗਿਆ ਮੁਸਲਮਾਨ ਕਿਉਂ ਨਹੀ?' 
ਹੈਦਰਾਬਾਦ ਤੋਂ ਲੋਕ 
ਸਭਾ ਮੈਂਬਰ ਨੇ ਕਿਹਾ, 'ਜਦ ਤਸਲੀਮਾ ਤੁਹਾਡੀ ਭੈਣ ਹੋ ਸਕਦੀ ਹੈ ਤਾਂ ਰੋਹਿੰਗਿਆ ਵੀ ਭਰਾ 
ਹੋ ਸਕਦੇ ਹਨ, ਮਿਸਟਰ ਮੋਦੀ।' ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ 
ਰੋਹਿੰਗਿਆ ਨੂੰ ਸ਼ਰਨਾਰਥੀਆਂ ਦੇ ਰੂਪ ਵਿਚ ਵੇਖਣਾ ਚਾਹੀਦਾ ਹੈ ਨਾਕਿ ਮੁਸਲਮਾਨਾਂ ਦੇ ਰੂਪ 
ਵਿਚ। ਓਵੈਸੀ ਨੇ ਕਿਹਾ, 'ਭਾਰਤ ਨੇ ਤਿੱਬਤ, ਸ੍ਰੀਲੰਕਾ ਅਤੇ ਬੰਗਲਾਦੇਸ਼ ਦੇ ਲੋਕਾਂ ਨੂੰ 
ਸ਼ਰਨ ਦਿਤੀ।' ਉਨ੍ਹਾਂ ਕਿਹਾ, 'ਜਦ ਇਹ ਦਸਿਆ ਗਿਆ ਕਿ ਉਹ ਸ੍ਰੀਲੰਕਾਈ ਸ਼ਰਨਾਰਥੀ ਅਤਿਵਾਦੀ 
ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਹਨ ਤਾਂ ਕੀ ਕੀਤਾ ਗਿਆ ਸੀ? ਉਨ੍ਹਾਂ ਨੂੰ ਇਕ ਕੈਂਪ ਤੋਂ
 ਦੂਜੇ ਕੈਂਪ ਵਿਚ ਭੇਜ ਦਿਤਾ ਗਿਆ।' 
ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰਿਆਂ 
ਨੂੰ ਬਰਾਬਰੀ ਦਾ ਹੱਕ ਦਿੰਦਾ ਹੈ ਅਤੇ ਇਹ ਸ਼ਰਨਾਰਥੀਆਂ 'ਤੇ ਵੀ ਲਾਗੂ ਹੁੰਦਾ ਹੈ। ਓਵੈਸੀ 
ਨੇ ਕਿਹਾ, 'ਭਾਜਪਾ ਸਰਕਾਰ ਚਾਹੁੰਦੀ ਹੈ ਕਿ ਅਸੀਂ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ 
ਭੇਜਾਂਗੇ। ਅਸੀਂ ਪ੍ਰਧਾਨ ਮੰਤਰੀ ਨੂੰ ਇਹ ਪੁਛਣਾ ਚਾਹੁੰਦੇ ਹਾਂ ਕਿ ਕਿਹੜੇ ਕਾਨੂੰਨ ਤਹਿਤ
 ਤੁਸੀਂ ਵਾਪਸ ਭੇਜੋਗੇ।' (ਏਜੰਸੀ)
                    
                