
ਨਵੀਂ ਦਿੱਲੀ, 17 ਫ਼ਰਵਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਵਿਚਕਾਰ ਅੱਜ ਅਤਿਵਾਦ, ਸੁਰੱਖਿਆ, ਵਪਾਰ ਅਤੇ ਊਰਜਾ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਸਾਰਥਕ ਗੱਲਬਾਤ ਹੋਈ। ਇਸ ਤੋਂ ਬਾਅਦ ਦੋਹਾਂ ਧਿਰਾਂ ਨੇ 9 ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਜਿਨ੍ਹਾਂ 'ਚ ਚਾਬਹਾਰ ਬੰਦਰਗਾਹ ਦੇ ਇਕ ਹਿੱਸੇ ਨੂੰ ਚਲਾਉਣ ਲਈ ਠੇਕੇ 'ਤੇ ਕਰਾਰ ਵੀ ਸ਼ਾਮਲ ਹੈ।ਦੋਹਾਂ ਆਗੂਆਂ ਨੇ ਵਿਸਤ੍ਰਿਤ ਗੱਲਬਾਤ ਦੌਰਾਨ ਖੇਤਰੀ ਹਾਲਾਤ 'ਤੇ ਵੀ ਚਰਚਾ ਕੀਤੀ ਅਤੇ ਦੋਹਾਂ ਨੇ ਸ਼ਾਂਤਮਈ, ਸਥਿਰ, ਅਮੀਰ ਅਤੇ ਬਹੁਵਾਦੀ ਅਫ਼ਗਾਨਿਸਤਾਨ ਦੀ ਜ਼ਰੂਰਤ 'ਤੇ ਜ਼ੋਰ ਦਿਤਾ।ਰੂਹਾਨੀ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਅਤਿਵਾਦ ਮੁਕਤ ਦੁਨੀਆਂ ਦਾ ਸੁਪਨਾ ਵੇਖਦੇ ਹਨ ਅਤੇ ਉਹ ਅਤਿਵਾਦ, ਕੱਟੜਵਾਦ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਾਇਬਰ ਅਪਰਾਧ ਅਤੇ ਹੋਰ ਕੋਮਾਂਤਰੀ ਅਪਰਾਧਾਂ ਨੂੰ ਵਧਾਉਣ ਵਾਲੀਆਂ ਤਾਕਤਾਂ ਦੇ ਵਿਸਤਾਰ ਨੂੰ ਰੋਕਣ ਲਈ ਵਚਨਬੱਧ ਹਨ।ਇਸ ਦੇ ਨਾਲ ਹੀ ਰੂਹਾਨੀ ਨੇ ਕਿਹਾ ਕਿ ਖੇਤਰੀ ਸੰਘਰਸ਼ਾਂ ਨੂੰ ਸਿਆਸੀ ਅਤੇ ਸਫ਼ਾਰਤੀ ਪਹਿਲਾਂ ਜ਼ਰੀਏ ਹੱਲ ਕੀਤਾ ਜਾਣਾ ਚਾਹੀਦਾ ਹੈ ਪਰ ਉਨ੍ਹਾਂ ਕਿਸੇ ਵਿਸ਼ੇਸ਼ ਖੇਤਰੀ ਵਿਵਾਦ ਦਾ ਜ਼ਿਕਰ ਨਹੀਂ ਕੀਤਾ।ਦੋਹਾਂ ਦੇਸ਼ਾਂ ਨੇ 9 ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਜਿਨ੍ਹਾਂ 'ਚ ਦੋਹਰੇ ਟੈਕਸਾਂ ਤੋਂ ਬਚਾਅ ਨਾਲ ਜੁੜਿਆ ਇਕ ਸਮਝੌਤਾ ਵੀ ਸ਼ਾਮਲ ਹੈ। ਇਰਾਨ ਦੇ ਪੋਰਟ ਐਂਡ ਮੈਰੀਟਾਈਮ ਆਰਗੇਨਾਈਜੇਸ਼ਨ ਅਤੇ ਇੰਡੀਆ ਪੋਰਟਸ ਗਲੋਬਲ ਲਿਮਟਡ ਦੇ ਵਿਚਕਾਰ ਚਾਬਹਾਰ ਸਥਿਤ ਸ਼ਾਹਿਦ ਬੇਹਸ਼ਤੀ ਬੰਦਰਗਾਹ ਨੂੰ 18 ਮਹੀਨਿਆਂ ਲਈ ਚਲਾਉਣ ਦਾ ਕਰਾਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਦੋਹਾਂ ਦੇਸ਼ਾਂ ਨੇ ਸਫ਼ਾਰਤੀ ਪਾਸਪੋਰਟ ਧਾਰਕਾਂ ਲਈ ਵੀਜ਼ਾ ਲਾਜ਼ਮੀ ਕਰਨ ਤੋਂ ਛੋਟ ਦੇਣ ਅਤੇ ਵਪਾਰ ਬਿਹਤਰੀ ਲਈ ਮਾਹਰਾਂ ਦਾ ਸਮੂਹ ਬਣਾਉਣ ਦਾ ਵੀ ਇਕ ਸਮਝੌਤਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ 9 ਸਮਝੌਤਿਆਂ ਤੋਂ ਇਲਾਵਾ ਚਾਰ ਹੋਰ ਸਮਝੌਤਿਆਂ ਉਤੇ ਵੀ ਹਸਤਾਖ਼ਰ ਕੀਤੇ ਗਏ। ਮੋਦੀ ਨੇ ਕਿਹਾ ਕਿ ਇਰਾਨੀ ਰਾਸ਼ਟਰਪਤੀ ਦੀ ਯਾਤਰਾ ਵਿਖਾਉਂਦੀ ਹੈ ਕਿ ਦੋਵੇਂ ਦੇਸ਼ ਕਿਸ ਤਰ੍ਹਾਂ ਸੰਪਰਕ ਸਮੇਤ ਪ੍ਰਮੁੱਖ ਖੇਤਰਾਂ 'ਚ ਅਪਣੇ ਸਹਿਯੋਗ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਚਾਬਹਾਰ ਬੰਦਰਗਾਹ ਦੀ ਮਹੱਤਤਾ ਨੂੰ ਵੀ ਉਭਾਰਿਆ ਅਤੇ ਕਿਹਾ ਕਿ ਇਸ ਨਾਲ ਅਫ਼ਗਾਨੀਸਤਾਨ ਅਤੇ ਮੱਧ ਏਸ਼ੀਆ ਤਕ ਬਿਹਤਰ ਪਹੁੰਚ 'ਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਰਣਨੀਤਕ ਤੌਰ 'ਤੇ ਅਹਿਮ ਚਾਬਹਾਰ ਬੰਦਰਗਾਹ ਨੂੰ ਵਿਕਸਤ ਕਰਨ 'ਚ ਵਿਖਾਈ ਅਗਵਾਈ ਲਈ ਰੂਹਾਨੀ ਦੀ ਤਾਰੀਫ਼ ਵੀ ਕੀਤੀ। ਰੂਹਾਨੀ ਨੇ ਕਿਹਾ, ''ਅਸੀ ਕੁਦਰਤੀ ਗੈਸ ਅਤੇ ਪੈਟਰੋਕੈਮੀਕਲ ਖੇਤਰ 'ਚ ਸਹਿਯੋਗ ਦਾ ਵਿਸਤਾਰ ਕਰਨ ਦਾ ਫ਼ੈਸਲਾ ਕੀਤਾ ਹੈ।'' ਇਸ ਤੋਂ ਪਹਿਲਾਂ ਸਵੇਰੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਰੂਹਾਨੀ ਨਾਲ ਮੁਲਾਕਾਤ ਕੀਤੀ ਅਤੇ ਕਈ ਮੁੱਦਿਆਂ 'ਤੇ ਨਾਲ ਚਰਚਾ ਕੀਤੀ। (ਪੀਟੀਆਈ)