
'ਆਪ' ਵਿਧਾਇਕਾਂ ਦੀ ਪੁਲਿਸ ਹਿਰਾਸਤ ਦੀ ਮੰਗ ਖ਼ਾਰਜ
ਨਵੀਂ ਦਿੱਲੀ, 21 ਫ਼ਰਵਰੀ: ਦਿੱਲੀ ਪੁਲਿਸ ਨੂੰ ਅੱਜ ਇਕ ਕਰੜਾ ਝਟਕਾ ਲਗਿਆ ਜਦੋਂ ਇਥੋਂ ਦੀ ਇਕ ਅਦਾਲਤ ਨੇ ਉਸ ਨੂੰ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅਸ਼ੂ ਪ੍ਰਕਾਸ਼ ਉਤੇ ਕਥਿਤ ਹਮਲੇ ਦੇ 'ਅਤਿ ਸੰਦੇਵਨਸ਼ੀਲ' ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ (ਆਪ) ਵਿਧਾਇਕਾਂ ਅਮਾਨਤੁੱਲਾ ਖ਼ਾਨ ਅਤੇ ਪ੍ਰਕਾਸ਼ ਜਾਰਵਾਲ ਨੂੰ ਹਿਰਾਸਤ 'ਚ ਲੈ ਕੇ ਪੁੱਛ-ਪੜਤਾਲ ਕਰਨ ਦੀ ਇਜਾਜ਼ਤ ਨਹੀਂ ਦਿਤੀ।ਦੋਹਾਂ ਵਿਧਾਇਕਾਂ ਨੂੰ ਕਲ ਰਾਤ ਤਕ ਲਈ ਕਾਨੂੰਨੀ ਹਿਰਾਸਤ 'ਚ ਤਿਹਾੜ ਜੇਲ ਭੇਜ ਦਿਤਾ ਗਿਆ। ਕਲ ਅਦਾਲਤ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਉਤੇ ਸੁਣਵਾਈ ਕਰੇਗੀ। ਪੁਲਿਸ ਨੇ ਉਨ੍ਹਾਂ ਦੀਆਂ ਅਰਜ਼ੀਆਂ ਉਤੇ ਜਵਾਬ ਲਈ ਸਮਾਂ ਮੰਗਿਆ ਹੈ।ਅਦਾਲਤ ਨੇ ਕਿਹਾ ਕਿ ਕਾਨੂੰਨੀ ਹਿਰਾਸਤ ਦਾ ਆਧਾਰ ਹਰ ਪੱਖੋਂ ਠੀਕ ਹੈ ਕਿਉਂਕਿ ਮੁਲਜ਼ਮ ਵਿਧਾਇਕਾਂ ਵਿਰੁਧ ਕਈ ਮਾਮਲੇ ਚਲ ਰਹੇ ਹਨ। ਮੈਟਰੋਪਾਲੀਟਨ ਮੈਜਿਸਟ੍ਰੇਟ ਸ਼ੇਫ਼ਾਲੀ ਬਰਨਾਲਾ ਟੰਡਨ ਨੇ ਸਬੰਧਤ ਪੁਲਿਸ ਉਪ ਕਮਿਸ਼ਨਰ ਨੂੰ ਇਸ ਮਾਮਲੇ ਦੀ ਵਿਅਕਤੀਗਤ ਤੌਰ ਤੇ ਨਿਗਰਾਨੀ ਕਰਨ ਦਾ ਹੁਕਮ ਦਿਤਾ ਕਿਉਂਕਿ ਇਹ ਅਤਿ ਸੰਵੇਦਨਸ਼ੀਲ ਮਾਮਲਾ ਹੈ।ਅਦਾਲਤ ਨੇ ਦੋਹਾਂ ਵਿਧਾਇਕਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕਰਨ ਦੀ ਪੁਲਿਸ ਦੀ ਮੰਗ ਖ਼ਾਰਜ ਕਰ ਦਿਤੀ ਕਿ ਦੋਵੇਂ ਹੀ ਵਿਧਾਇਕ ਜਾਂਚ ਨਾਲ ਜੁੜਨ ਅਤੇ ਸਹਿਯੋਗ ਕਰਨ ਲਈ ਤਿਆਰ ਹਨ।
ਅਦਾਲਤ ਦਾ ਹੁਕਮ ਨੌਕਰਸ਼ਾਹਾਂ ਲਈ ਵੀ ਝਟਕਾ ਹੈ ਕਿਉਂਕਿ ਆਈ.ਏ.ਐਸ. ਅਤੇ ਦਾਨਿਕਸ ਵਰਗਾਂ ਦੇ ਸਿਖਰਲੇ ਅਧਿਕਾਰੀਆਂ ਨੇ ਮੁੱਖ ਸਕੱਤਰ ਉਤੇ ਕਥਿਤ ਹਮਲੇ 'ਚ ਸ਼ਾਮਲ ਵਿਅਕਤੀਆਂ ਵਿਰੁਧ ਕਾਰਵਾਈ ਦੀ ਮੰਗ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦਦ ਕੋਲੋਂ ਮਿਲਣ ਦਾ ਸਮਾਂ ਮੰਗਿਆ। ਕਲ ਆਈ.ਏ.ਐਸ. ਅਤੇ ਦਿੱਲੀ ਤੇ ਅੰਡਮਾਨ ਨਿਕੋਬਾਰ ਦੀਪ ਸਿਵਲ ਸੇਵਾ ਦੇ ਅਧਿਕਾਰੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਦਿੱਲੀ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਸੀ। ਦੇਵਲੀ ਦੇ ਵਿਧਾਇਕ ਜਾਰਵਾਲ ਨੂੰ ਕਲ ਰਾਤ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਜਾਮਿਆ ਦੇ ਵਿਧਾਇਕ ਖ਼ਾਨ ਨੂੰ ਅੱਜ ਦੁਪਹਿਰ ਹਿਰਾਸਤ 'ਚ ਲਿਆ ਗਿਆ। ਦੋਹਾਂ ਨੂੰ 19 ਫ਼ਰਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਇਕ ਬੈਠਕ ਦੌਰਾਨ ਨੌਕਰਸ਼ਾਹ ਉਤੇ ਕਥਿਤ ਤੌਰ ਤੇ ਹੋਏ ਹਮਲੇ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। (ਪੀਟੀਆਈ)