
ਲੁਧਿਆਣਾ, 29 ਦਸੰਬਰ (ਮਹੇਸ਼ਇੰਦਰ ਸਿੰਘ ਮਾਂਗਟ) : ਭਾਰਤ ਦੇ ਸੁਤੰਤਰਤਾ ਸੰਗਰਾਮ 'ਚ ਵੱਧ ਚੜ ਕੇ ਸ਼ਹਾਦਤਾਂ ਦੇਣ ਵਾਲੀ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ 88ਵੇਂ ਸਥਾਪਨਾ ਦਿਵਸ ਮੌਕੇ 'ਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੇ ਇਤਿਹਾਸਿਕ ਜਾਮਾ ਮਸਜਿਦ ਦੇ ਸਾਹਮਣੇ ਅੱਜ ਹਜਾਰਾਂ ਅਹਿਰਾਰੀਆਂ ਦੇ ਨਾਲ ਅਹਿਰਾਰ ਦਾ ਝੰਡਾ ਫਹਿਰਾਇਆ ਅਤੇ ਇਸਦੇ ਨਾਲ ਹੀ ਅਹਿਰਾਰੀ ਤਰਾਨਾ ਪੜ੍ਹਿਆ ਗਿਆ ਤੇ ਝੰਡੇ ਦੇ ਨਜਦੀਕ ਦੁਆ ਕਰਵਾਈ ਗਈ। ਇਸ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਪਾਰਟੀ ਦੀ ਸਥਾਪਨਾ ਭਾਰਤ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਰਈਸ ਉਲ ਅਹਿਰਾਰ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ, ਸੈਯਦ ਉਲ ਅਹਿਰਾਰ, ਸੈਯਦ ਅਤਾਉਲੱਾਹ ਸ਼ਾਹ ਬੁਖਾਰੀ, ਚੌਧਰੀ ਅਫ਼ਜਲ ਹਕ ਨੇ 29 ਦਸੰਬਰ 1929 ਈ. ਨੂੰ ਲਾਹੌਰ ਦੇ ਹਬੀਬ ਹਾਲ 'ਚ ਕੀਤੀ ਸੀ। ਉਨ੍ਹਾਂ ਕਿਹਾ ਕਿ ਅਹਿਰਾਰ ਕਿਸੇ ਇਤਿਹਾਸਕਾਰ ਦੀ ਮੁਹਤਾਜ ਨਹੀਂ ਹੈ, ਅਸੀਂ ਆਪਣਾ ਇਤਿਹਾਸ ਆਪਣੇ ਖੂਨ ਨਾਲ ਲਿਖਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਵੀ ਅਹਿਰਾਰੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰ ਰਹੇ ਹਨ। ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਕਿਹਾ ਕਿ ਅੰਗਰੇਜ਼ ਤਾਂ ਭਾਰਤ ਛੱਡ ਗਏ, ਲੇਕਿਨ ਉਸਦੇ ਕਈ 'ਟੋਢੀ' ਅੱਜ ਵੀ ਦੇਸ਼ ਵਿਚ ਮੌਜੂਦ ਹਨ, ਜਿਨ੍ਹਾਂ ਨੂੰ ਅਸੀਂ ਬੇਨਕਾਬ ਕਰਦੇ ਰਹਾਂਗੇ। ਇਸ ਮੌਕੇ ਪੈਗੰਬਰੇ ਇਸਲਾਮ ਹਜ਼ਰਤ ਮੁਹੱਮਦ ਸੱਲਲਾਹੁਅਲੈਹੀ ਵਸੱਲਮ ਦੀ ਜੀਵਨੀ 'ਤੇ ਰੌਸ਼ਨੀ ਪਾਉਂਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਪਿਆਰੇ ਨਬੀ ਨੇ ਇੰਸਾਨੀਅਤ ਨੂੰ ਗੁਲਾਮੀ ਤੋਂ ਆਜ਼ਾਦੀ ਦਿਲਾਅ ਕੇ ਦੁਨੀਆ ਭਰ ਦੇ ਇੰਸਾਨਾਂ ਨੂੰ ਬਰਾਬਰੀ ਦਾ ਦਰਜ਼ਾ ਦਿੱਤਾ।
ਉਨ੍ਹਾ ਕਿਹਾ ਕਿ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਹਰ ਖ਼ਾਸ ਅਤੇ ਆਮ ਤੱਕ ਪੈਗੰਬਰੇ ਇਸਲਾਮ ਹਜ਼ਰਤ ਮੁਹੱਮਦ ਸੱਲਲਾਹੁਅਲੈਹੀ ਵਸੱਲਮ ਦਾ ਪੈਗਾਮ ਪਹੁੰਚਾਇਆ ਜਾਏ ਤਾਂ ਜੋ ਆਪਸ ਦੀਆਂ ਨਫ਼ਰਤਾਂ, ਮੁਹੱਬਤਾਂ 'ਚ ਬਦਲ ਜਾਣ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇਸ਼ ਵਿੱਚ ਜੋ ਵੀ ਲੋਕ ਫਿਰਕਾਪ੍ਰਸਤੀ ਦਾ ਜਹਿਰ ਘੋਲ ਕੇ ਘਰੇਲੂ ਹਿੰਸਾ ਨੂੰ ਵਧਾਵਾ ਦੇਣਾ ਚਾਹੁੰਦੇ ਹਨ ਅਸੀਂ ਉਹਨਾਂ ਦੇ ਨਾਪਾਕ ਇਰਾਦੀਆਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਵਾਗੇਂ। ਸ਼ਾਹੀ ਇਮਾਮ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਮੁਸਲਮਾਨ ਵਿਰੋਧੀ ਆਧਾਰਿਤ ਰਾਜਨੀਤੀ ਛੱਡ ਕੇ ਵਿਕਾਸ ਵੱਲ ਧਿਆਨ ਦੇਣ। ਉਹਨਾਂ ਕਿਹਾ ਕਿ ਮੁਸਲਮਾਨ ਸ਼ਰੀਅਤ 'ਚ ਦਖਲ ਦੇਣ ਵਾਲੇ ਕਿਸੇ ਵੀ ਕਾਨੂੰਨ ਨੂੰ ਨਹੀਂ ਮਨੰਣਗੇ। ਇਸ ਮੌਕੇ ਕਾਰੀ ਮੋਹਤਰਮ, ਅਕਰਮ ਅਲੀ, ਮੁਹੱਮਦ ਸਰਫਰਾਜ, ਅੰਜੂਮ ਅਸਗਰ, ਮੁਫ਼ਤੀ ਜਮਾਲੁਦੀਨ, ਮੁਫ਼ਤੀ ਸੱਦਾਮ, ਗੁਲਾਮ ਹੈਸਨ ਕੈਸਰ, ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੱਮਦ ਮੁਸਤਕੀਮ ਅਹਿਰਾਰੀ ਹਾਜ਼ਰ ਸਨ।