
ਪਟਨਾ, 6 ਨਵੰਬਰ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਨਿਜੀ ਰਾਏ ਹੈ ਕਿ ਨਿਜੀ ਖੇਤਰ ਵਿਚ ਵੀ ਰਾਖਵਾਂਕਰਨ ਲਾਗੂ ਹੋਣਾ ਚਾਹੀਦਾ ਹੈ। ਨਿਤੀਸ਼ ਨੇ ਜੀਐਸਟੀ ਨੂੰ ਪਾਰਦਰਸ਼ੀ ਅਤੇ ਬਿਹਤਰ ਕਰ ਪ੍ਰਬੰਧ ਦਸਦਿਆਂ ਕਿਹਾ ਕਿ ਇਹ ਸਾਂਝੇ ਪ੍ਰਗਤੀਸ਼ੀਲ ਗਠਜੋੜ ਦੇ ਸਮੇਂ ਹੀ ਹੋਂਦ ਵਿਚ ਆ ਗਿਆ ਸੀ ਅਤੇ ਅੱਜ ਉਹੀ ਲੋਕ ਇਸ ਦਾ ਵਿਰੋਧ ਕਰ ਰਹੇ ਹਨ। 'ਲੋਕ ਸੰਵਾਦ' ਪ੍ਰੋਗਰਾਮ ਵਿਚ ਹਿੱਸਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਿਹਾਰ ਵਿਚ ਆਊਟਸੋਰਸਿੰਗ ਵਿਚ ਰਾਖਵਾਂਕਰਨ ਉਸ ਦੇ ਪ੍ਰਾਵਧਾਨਾਂ ਤਹਿਤ ਕੀਤਾ ਗਿਆ ਹੈ। ਇਸ ਵਿਚ ਕੁੱਝ ਵੀ ਗ਼ਲਤ ਨਹੀਂ ਹੈ।
ਉਨ੍ਹਾਂ ਵਿਰੋਧੀਆਂ ਨੂੰ ਕਿਹਾ ਕਿ ਜਿਨ੍ਹਾਂ ਨੂੰ ਰਾਖਵਾਂਕਰਨ ਬਾਰੇ ਬੁਨਿਆਦੀ ਜਾਣਕਾਰੀ ਨਹੀਂ ਹੈ, ਉਹੀ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਨਿਤੀਸ਼ ਨੇ ਕਿਹਾ, 'ਮੇਰੀ ਰਾਏ ਹੈ ਕਿ ਰਾਖਵਾਂਕਰਨ ਸਰਕਾਰੀ ਹੀ ਨਹੀਂ, ਨਿਜੀ ਖੇਤਰ ਵਿਚ ਵੀ ਲਾਗੂ ਹੋਣਾ ਚਾਹੀਦਾ ਹੈ ਤੇ 50 ਫ਼ੀ ਸਦੀ ਲਾਗੂ ਹੋਵੇ। ਇਸ ਮੁੱਦੇ 'ਤੇ ਰਾਸ਼ਟਰੀ ਪੱਧਰ 'ਤੇ ਬਹਿਸ ਹੋਵੇ। ਉਨ੍ਹਾਂ ਕਿਹਾ, 'ਅਸੀਂ ਜੋ ਵੀ ਫ਼ੈਸਲੇ ਕੀਤੇ ਹਨ, ਉਹ ਬਿਹਾਰ ਦੇ ਲੋਕਾਂ ਦੀ ਭਲਾਈ ਲਈ ਕੀਤੇ ਹਨ। ਇਹੀ ਕਾਰਨ ਹੈ ਕਿ ਅਸੀਂ ਪੁਰਾਣੇ ਗਠਜੋੜ ਵਿਚ ਪਰਤੇ ਹਾਂ।' ਲਾਲੂ ਪ੍ਰਸਾਦ ਨੇ ਕੁੱਝ ਦਿਨ ਪਹਿਲਾਂ ਨਿਤੀਸ਼ ਨੂੰ ਰਾਖਵਾਂਕਰਨ ਵਿਰੋਧੀ ਦਸਿਆ ਸੀ। (ਏਜੰਸੀ)