
ਜੰਮੂ, 18 ਅਕਤੂਬਰ: ਜੰਮੂ-ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ 'ਚ ਕੰਟਰੋਲ ਰੇਖਾ ਦੇ ਨੇੜੇ ਪਿੰਡਾਂ ਅਤੇ ਅਗਾਊਂ ਚੌਕੀਆਂ 'ਤੇ ਪਾਕਿਸਤਾਨੀ ਫ਼ੌਜੀਆਂ ਵਲੋਂ ਅੱਜ ਕੀਤੀ ਗਈ ਗੋਲੀਬਾਰੀ 'ਚ ਦੋ ਸਾਲਾਂ ਦੀ ਇਕ ਬੱਚੀ ਸਮੇਤ ਅੱਠ ਲੋਕ ਜ਼ਖ਼ਮੀ ਹੋ ਗਏ।ਰਖਿਆ ਬੁਲਾਰੇ ਨੇ ਦਸਿਆ ਕਿ ਪਾਕਿਸਤਾਨੀ ਫ਼ੌਜ ਨੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਭੀਮਬੇਰ ਗਲੀ ਸੈਕਟਰ 'ਚ ਸਵੇਰੇ 7:45 ਵਜੇ ਛੋਟੇ ਹਥਿਆਰਾਂ, ਆਟੋਮੈਟਿਕ ਹਥਿਆਰਾਂ ਅਤੇ ਮੋਰਟਾਰਾਂ ਨਾਲ ਬਗ਼ੈਰ ਉਕਸਾਵੇ ਤੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ। ਗੋਲੀਬਾਰੀ ਖ਼ਬਰ ਲਿਖੇ ਜਾਣ ਤਕ ਵੀ ਜਾਰੀ ਸੀ। ਭਾਰਤੀ ਫ਼ੌਜ ਨੇ ਇਸ ਉਕਸਾਵੇ ਦੀ ਕਾਰਵਾਈ ਦਾ ਅਸਰਦਾਰ ਤਰੀਕੇ ਨਾਲ ਜਵਾਬ ਦੇ ਰਹੀ ਹੈ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਪਾਕਿਸਤਾਨੀ ਫ਼ੌਜ ਨੇ ਮੋਰਟਾਰ ਦੇ ਗੋਲੇ ਦਾਗ ਕੇ ਅਤੇ ਭਾਰੀ ਗੋਲੀਬਾਰੀ ਕਰ ਕੇ ਬਾਲਾਕੋਟ, ਬਸੂਨੀ, ਸਨਡੋਟੇ, ਮਨਜਾਕੋਟੇ 'ਚ ਗ਼ੈਰਫ਼ੌਜੀ ਅਤੇ ਅਗਾਊਂ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦਸਿਆ ਕਿ ਪੁੰਛ 'ਚ ਤਿੰਨ ਮਜ਼ਦੂਰਾਂ ਸਮੇਤ 5 ਜਣੇ ਜ਼ਖ਼ਮੀ ਹੋ ਗਏ ਜਦਕਿ ਰਾਜੌਰੀ ਜ਼ਿਲ੍ਹੇ ਦੇ ਮਨਜਾਕੋਟੇ 'ਚ ਦੋ ਸਾਲਾਂ ਦੀ ਇਕ ਬੱਚੀ ਸਮੇਤ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਖ਼ਬਰਾਂ ਦਸਿਆ ਗਿਆ ਕਿ ਪਾਕਿਸਤਾਨੀ ਗੋਲੀਬਾਰੀ 'ਚ ਤਿੰਨ ਗੱਡੀਆਂ ਅਤੇ ਬਿਜਲੀ ਦਾ ਸਾਮਾਨ ਨੁਕਸਾਨਿਆ ਗਿਆ। (ਪੀਟੀਆਈ)