
ਪਾਕਿਸਤਾਨ ਵਲੋਂ ਗੋਲੀਬੰਦੀ ਦਾ ਮੂੰਹਤੋੜ ਜਵਾਬ ਦਿਆਂਗੇ : ਉਪ ਫ਼ੌਜ ਮੁਖੀ
ਨਵੀਂ ਦਿੱਲੀ, 5 ਫ਼ਰਵਰੀ: ਜੰਮੂ/ਨਵੀਂ ਦਿੱਲੀ, 5 ਫ਼ਰਵਰੀ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਵਲੋਂ ਭਾਰੀ ਗੋਲੀਬਾਰੀ 'ਚ ਕਲ ਫ਼ੌਜ ਦੇ ਚਾਰ ਜਵਾਨਾਂ ਦੇ ਸ਼ਹੀਦ ਹੋਣ ਤੋਂ ਇਕ ਦਿਨ ਬਾਅਦ ਫ਼ੌਜ ਨੇ ਅੱਜ ਕਿਹਾ ਕਿ ਭਾਰਤ ਮੂੰਹਤੋੜ ਜਵਾਬ ਦਿੰਦਾ ਰਹੇਗਾ ਅਤੇ ਉਸ ਦੀ ਕਾਰਵਾਈ ਖ਼ੁਦ ਬੋਲੇਗੀ।ਉਪ ਫ਼ੌਜ ਮੁਖੀ ਲੈਫ਼ਟੀਨੈਂਟ ਜਨਰਲ ਸ਼ਰਤ ਚੰਦਰ ਨੇ ਕਿਹਾ ਕਿ ਫ਼ੌਜ ਪਾਕਿਸਤਾਨ ਦੀ ਗੋਲਾਬਾਰੀ ਦਾ ਢੁਕਵੇਂ ਢੰਗ ਨਾਲ ਜਵਾਬ ਦੇ ਰਹੀ ਹੈ ਅਤੇ ਭਾਰਤ ਇਸ ਤਰ੍ਹਾਂ ਦੀਆਂ ਹਰਕਤਾਂ ਦਾ 'ਮੂੰਹਤੋੜ ਜਵਾਬ' ਦਿੰਦਾ ਰਹੇਗਾ।ਉਨ੍ਹਾਂ ਕਿਹਾ, ''ਜਵਾਬੀ ਕਾਰਵਾਈ ਬਿਨਾਂ ਕੁੱਝ ਕਹੇ ਚਲ ਰਹੀ ਹੈ। ਮੇਰਾ ਮੰਨਣਾ ਹੈ ਕਿ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ, ਸਾਡੀ ਕਾਰਵਾਈ ਖ਼ੁਦ ਬੋਲੇਗੀ।'' ਐਲ.ਓ.ਸੀ. 'ਤੇ ਪਾਕਿਸਤਾਨ ਦੀ ਭਾਰੀ ਗੋਲੀਬਾਰੀ 'ਚ ਕਲ ਕੈਪਟਨ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ ਸਨ ਅਤੇ ਘੱਟ ਤੋਂ ਘੱਟ ਚਾਰ ਲੋਕ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਅਤਿਵਾਦੀਆਂ ਦੀ ਘੁਸਪੈਠ ਦੀ ਹਮਾਇਤ ਕਰ ਰਹੀ ਹੈ।ਇਥੇ ਇਕ ਪ੍ਰੋਗਰਾਮ 'ਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਅਸੀਂ ਸਰਹੱਦ ਪਾਰ ਤੋਂ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿਆਂਗੇ।'' ਉਧਰ ਚਾਰ ਜਵਾਨਾਂ ਦੇ ਸ਼ਹੀਦ ਹੋਣ 'ਤੇ ਕੀਤੀ ਜਾਣ ਵਾਲੀ ਕਾਰਵਾਈ ਬਾਬਤ ਪੁੱਛੇ ਇਕ ਸਵਾਲ ਦੇ ਜਵਾਬ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤੀਆਂ ਨੂੰ ਫ਼ੌਜ ਦੀ ਬਹਾਦੁਰੀ 'ਤੇ ਪੂਰਾ ਭਰੋਸਾ ਹੈ। ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਅੱਜ ਫਿਰ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜੇ ਪਾਕਿਸਤਾਨੀ ਫ਼ੌਜੀਆਂ ਵਲੋਂ ਕੀਤੀ ਗਈ ਗੋਲੀਬਾਰੀ ਅਤੇ ਗੋਲਾਬਾਰੀ 'ਚ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ਼.) ਦਾ ਇਕ ਸਬ-ਇੰਸਪੈਕਟਰ ਜ਼ਖ਼ਮੀ ਹੋ ਗਿਆ। ਰਾਜੌਰੀ ਦੇ ਉਪ-ਕਮਿਸ਼ਨਰ ਡਾ. ਸ਼ਾਹਿਦ ਇਕਬਾਲ ਚੌਧਰੀ ਨੇ ਦਸਿਆ ਕਿ ਰਾਤਭਰ ਪਾਕਿਸਤਾਨ ਵਲੋਂ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ
ਰੇਖਾ 'ਤੇ ਰੁਕ ਰੁਕ ਕੇ ਗੋਲੀਬਾਰੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਨੁਕਸਾਨ ਦਾ ਜਾਇਜ਼ਾ ਲੈਣ ਲਈ ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ। 84 ਸਕੂਲ ਤਿੰਨ ਦਿਨਾਂ ਤੋਂ ਬੰਦ ਹਨ ਅਤੇ ਕੈਂਪਾਂ ਨੂੰ ਸਰਗਰਮ ਕਰ ਦਿਤਾ ਗਿਆ ਹੈ।
ਕਲ ਦੀ ਗੋਲਾਬਾਰੀ 'ਚ ਹਰਿਆਣਾ ਗੁੜਗਾਉਂ ਜ਼ਿਲ੍ਹੇ ਦੇ ਰੰਸੀਕਾ ਪਿੰਡ 'ਚ ਕੈਪਟਨ ਕਪਿਲ ਕੁੰਡੂ, ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਹਵਲਦਾਰ ਰੌਸ਼ਨ ਲਾਲ (42), ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਰਾਇਫ਼ਲ ਮੈਨ ਸ਼ੁਭਮ ਸਿੰਘ (23) ਅਤੇ ਮੱਧ ਪ੍ਰਦੇਸ਼ ਦੇ ਰਾਇਫ਼ਲਮੈਨ ਰਾਮ ਅਵਤਾਰ (27) ਦੀ ਮੌਤ ਹੋ ਗਈ ਸੀ।ਦੂਜੇ ਪਾਸੇ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲੀਬਾਰੀ 'ਚ ਜਵਾਨ ਸ਼ਹੀਦ ਹੋਣ ਦੀ ਘਟਨਾ 'ਚ ਨੂੰ ਲੈ ਕੇ ਅੱਜ ਹੰਗਾਮਾ ਵੇਖਣ ਨੂੰ ਮਿਲਿਆ, ਜਿਸ ਕਾਰਨ ਵਿਧਾਨ ਸਭਾ ਸਪੀਕਰ ਕਵਿੰਦਰ ਗੁਪਤਾ ਨੇ ਸਦਨ ਦੀ ਕਾਰਵਾਈ 10 ਮਿੰਟਾਂ ਲਈ ਮੁਲਤਵੀ ਕਰ ਦਿਤੀ। ਵਿਧਾਨ ਸਭਾ 'ਚ ਜੰਮੂ-ਕਸ਼ਮੀਰ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਦੀ ਪ੍ਰਕਿਰਿਆ ਮੁੜ ਸ਼ੁਰੂ ਕਰਨ 'ਤੇ ਜ਼ੋਰ ਦਿਤਾ ਹੈ। ਵਿਰੋਧੀ ਨੈਸ਼ਨਲ ਕਾਨਫ਼ਰੰਸ ਨੇ ਦੋਹਾਂ ਦੇਸ਼ਾਂ ਵਿਚਕਾਰ ਹੋਏ ਸਾਲ 2003 ਦੇ ਗੋਲੀਬੰਦੀ ਸਮਝੌਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਸੱਦਾ ਦਿੰਦਿਆਂ ਮਹਿਬੂਬਾ ਮੁਫ਼ਤੀ ਸਰਕਾਰ ਦੇ ਰੁਖ਼ ਦੀ ਹਮਾਇਤ ਕੀਤੀ। (ਪੀਟੀਆਈ)