
ਜੰਮੂ, 19 ਫ਼ਰਵਰੀ : ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ 'ਤੇ ਭਾਰਤੀ ਫ਼ੌਜ ਨੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਦੇ ਹਮਲੇ ਨੂੰ ਨਾਕਾਮ ਕਰਦਿਆਂ ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀ ਨੂੰ ਮੌਤ ਦੇ ਘਾਟ ਉਤਾਰ ਦਿਤਾ ਅਤੇ ਦੋ ਹੋਰਾਂ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਮੁਕਾਬਲੇ ਵਿਚ ਤਿੰਨ ਫ਼ੌਜੀ ਵੀ ਜ਼ਖ਼ਮੀ ਹੋ ਗਏ। ਫ਼ੌਜ ਦੇ ਜਨ ਸੰਪਰਕ ਅਧਿਕਾਰੀ ਲੈਫ਼ਟੀਨੈਂਟ ਕਰਨਲ ਦੇਵੇਂਦਰ ਸਿੰਘ ਆਨੰਦ ਨੇ ਕਿਹਾ ਕਿ ਪਾਕਿਸਤਾਨੀ ਫ਼ੌਜੀਆਂ ਅਤੇ ਅਤਿਵਾਦੀਆਂ ਵਾਲੀ ਬੈਟ ਟੀਮ ਨੇ ਕਲ ਸ਼ਾਮ ਭਾਰੀ ਗੋਲਾਬਾਰੀ ਦੀ ਆੜ ਵਿਚ ਖਾਰੀ ਕਰਮਾਰਾ ਦੇ ਗੁਲਪੁਰ ਵਿਚ ਕੰਟਰੋਲ ਰੇਖਾ ਪਾਰੋਂ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਚੌਕਸ ਫ਼ੌਜੀਆਂ ਨੇ ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਦਿਤਾ।
ਅਧਿਕਾਰੀਆਂ ਨੇ ਦਸਿਆ ਕਿ ਮਾਰੇ ਗਏ ਅਤਿਵਾਦੀ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲੀ ਸਿੱਕਾ ਤੇ ਪਾਕਿਸਤਾਨੀ ਝੰਡਾ ਮਿਲਿਆ ਹੈ। ਉਸ ਦੀ ਲਾਸ਼ ਤਲਾਸ਼ੀ ਮੁਹਿੰਮ ਦੌਰਾਨ ਮਿਲੀ। ਅਧਿਕਾਰੀ ਨੇ ਕਿਹਾ, 'ਅਸੀਂ ਹਥਿਆਰਬੰਦ ਘੁਸਪੈਠੀਏ ਦੀ ਲਾਸ਼ ਪਾਕਿਸਤਾਨੀ ਫ਼ੌਜ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ।' ਮੁਕਾਬਲੇ ਵਿਚ ਤਿੰਨ ਫ਼ੌਜੀ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਫ਼ੌਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਕਰਨਲ ਆਨੰਦ ਨੇ ਕਿਹਾ ਕਿ ਕਲ ਸ਼ਾਮ ਕਰੀਬ ਸਵਾ ਪੰਜ ਵਜੇ ਪਾਕਿਸਤਾਨੀ ਫ਼ੌਜ ਨੇ ਛੋਟੇ ਅਤੇ ਸਵੈਚਲਿਤ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿਤੀ ਅਤੇ ਮੋਰਟਾਰ ਸੁੱਟੇ। ਕੰਟਰੋਲ ਰੇਖਾ 'ਤੇ ਅਗਲੀਆਂ ਚੌਕੀਆਂ 'ਤੇ ਤੈਨਾਤ ਫ਼ੌਜੀਆਂ ਨੇ ਇਸ ਦਾ ਜਵਾਬ ਦਿਤਾ। ਭਾਰਤੀ ਫ਼ੌਜ ਨੇ ਥੋੜੀ ਹਿਲਜੁਲ ਵੇਖੀ ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਘੁਸਪੈਠੀਆਂ ਨੇ ਵੀ ਗੋਲੀਆਂ ਚਲਾਈਆਂ। ਦੂਜੇ ਪਾਸਿਉਂ ਪਾਕਿਸਤਾਨ ਦੀਆਂ ਫ਼ੌਜੀ ਚੌਕੀਆਂ ਤੋਂ ਵੀ ਗੋਲੀਬਾਰੀ ਜਾਰੀ ਰਹੀ। ਮੁਕਾਬਲੇ ਵਿਚ ਘੁਸਪੈਠੀਆ ਮਾਰਿਆ ਗਿਆ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। (ਏਜੰਸੀ)