ਪੜ੍ਹਾਈ ਨਹੀਂ, ਹੁਣ ਸ਼ਾਕਾਹਾਰੀ ਜਾਂ ਮਾਸਾਹਾਰੀ ਹੋਣ ਦੇ ਆਧਾਰ 'ਤੇ ਮਿਲਣਗੇ ਗੋਲਡ ਮੈਡਲ
Published : Nov 15, 2017, 3:59 pm IST
Updated : Nov 15, 2017, 10:29 am IST
SHARE ARTICLE

ਮਹਾਰਾਸ਼ਟਰਾ ਤੋਂ ਇੱਕ ਅਜਿਹੀ ਖ਼ਬਰ ਆਈ ਹੈ ਜਿਸਨੇ ਦੇਸ਼ ਨੂੰ ਜ਼ਬਰੀ ਚੜ੍ਹਾਏ ਜਾ ਰਹੇ ਫਿਰਕੂ ਰੰਗਾਂ ਦੀ ਅਸਲੀਅਤ ਸਾਬਿਤ ਕਰ ਦਿੱਤੀ ਹੈ। ਪੁਣੇ ਦੀ ਸਾਵਿਤਰੀ ਬਾਈ ਫੁਲੇ ਯੂਨੀਵਰਸਿਟੀ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਮੈਡਲ ਉਹਨਾਂ ਦੇ ਸ਼ਾਕਾਹਾਰੀ ਹੋਣ ਜਾਂ ਨਾ ਹੋਣ ਦੇ ਆਧਾਰ ਉੱਤੇ ਦਿੱਤੇ ਜਾਣ ਬਾਰੇ ਕਿਹਾ ਗਿਆ ਹੈ। 


ਯੂਨੀਵਰਸਿਟੀ ਤੋਂ ਗੋਲਡ ਮੈਡਲ ਪਾਉਣ ਦੀਆਂ ਸ਼ਰਤਾਂ ਵਿੱਚ ਸ਼ਾਕਾਹਾਰੀ ਹੋਣਾ, ਭਾਰਤੀ ਸੰਸਕ੍ਰਿਤੀ ਦਾ ਸਮਰਥਕ ਹੋਣਾ ਆਦਿ ਸ਼ਾਮਿਲ ਹੈ। ਸਰਕੂਲਰ ਅਨੁਸਾਰ 10 ਅਜਿਹੀ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਸ਼ਾਕਾਹਾਰੀ ਹੋਣ ਦੀ ਸ਼ਰਤ ਵੀ ਸ਼ਾਮਿਲ ਹੈ। ਨਾਲ ਹੀ ਇਨ੍ਹਾਂ ਸ਼ਰਤਾਂ ਵਿੱਚ ਨਸ਼ਾ ਨਾ ਕਰਨਾ, ਯੋਗ, ਪ੍ਰਾਣਾਯਾਮ ਕਰਨਾ ਆਦਿ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਸਾਲ ਇਹ ਸਰਕੂਲਰ 31 ਅਕਤੂਬਰ ਨੂੰ ਜਾਰੀ ਕੀਤਾ ਗਿਆ ਹੈ। ਹਾਲਾਂਕਿ ਵਿਦਿਆਰਥੀ ਸੰਗਠਨ ਇਸਦਾ ਵਿਰੋਧ ਕਰ ਰਹੇ ਹਨ।


ਹੁਣ ਗੱਲ ਆ ਜਾਂਦੀ ਹੈ ਕਿ ਇਸ ਨਾਲ ਫਿਰਕੂ ਪੱਖ ਕਿਵੇਂ ਜੁੜਿਆ ਹੈ ? ਪਹਿਲੀ ਗੱਲ ਤਾਂ ਯੂਨੀਵਰਸਿਟੀਆਂ ਵਿੱਚ ਵਿਸ਼ੇ ਆਧਾਰਿਤ ਯੋਗਤਾ ਤੋਂ ਇਲਾਵਾ ਕਿਸੇ ਕਿਸਮ ਦੀ ਕੈਟੇਗਰੀ ਦੇ ਆਧਾਰ 'ਤੇ ਮੈਡਲ ਦੀ ਯੋਗਤਾ ਰੱਖਣਾ ਸਰਾਸਰ ਸਾਡੇ ਵਿਦਿਅਕ ਢਾਂਚੇ 'ਤੇ ਸਵਾਲ ਹੈ। ਭਾਰਤ ਦੇ ਹਰ ਸੂਬੇ ਦੀ ਆਪਣੀ ਵੱਖਰੀ ਭਾਸ਼ਾ, ਵੱਖਰਾ ਸੱਭਿਆਚਾਰਕ ਵਿਰਸਾ ਅਤੇ ਵੱਖਰਾ ਰਹਿਣ ਸਹਿਣ ਹੈ। ਸਾਡੇ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ ਕਿ ਸਾਡੇ ਦੇਸ਼ ਦੀ ਅਨੇਕਤਾ ਵਿੱਚ ਹੀ ਇਸਦੀ ਏਕਤਾ ਹੈ। 


ਯੂਨੀਵਰਸਿਟੀਆਂ ਵਿੱਚ ਅਨੇਕਾਂ ਸੂਬਿਆਂ ਅਤੇ ਵਰਗਾਂ ਤੋਂ ਆਉਂਦੇ ਹਨ ਤਾਂ ਇਹ ਕਿਵੇਂ ਸੰਭਵ ਹੈ ਕਿ ਸਭ ਦਾ ਰਹਿਣ ਸਹਿਣ ਅਤੇ ਮਾਨਤਾਵਾਂ ਇੱਕੋ ਜਿਹੀਆਂ ਹੋਣ। ਯੂਨੀਵਰਸਿਟੀ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਇੱਕ ਪਰਪੱਕ ਨਾਗਰਿਕ ਬਣ ਚੁੱਕਾ ਹੁੰਦਾ ਹੈ ਅਤੇ ਜਿਸ ਰਹਿਣ ਸਹਿਣ ਨਾਲ ਉਹ ਬਚਪਨ ਤੋਂ ਜੁੜਿਆ ਹੋਵੇ ਤਾਂ ਉਸ ਬਾਲਿਗ ਨਾਗਰਿਕ ਨੂੰ ਕਿਸੇ ਆਪੋ ਮਰਜ਼ੀ ਦੀਆਂ ਮਾਨਤਾਵਾਂ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕਰਨਾ ਕਿੱਥੋਂ ਤੱਕ ਸੰਭਵ ਹੈ ਅਤੇ ਕਿੱਥੋਂ ਤੱਕ ਜਾਇਜ਼, ਉਹ ਵੀ ਮੈਡਲਾਂ ਦਾ ਲਾਲਚ ਦੇਕੇ। ਯੂਨੀਵਰਸਿਟੀ ਪੜ੍ਹਾਈ ਅਤੇ ਗਿਆਨ ਦਾ ਮੰਦਰ ਹੁੰਦੀ ਹੈ ਨਾ ਕਿ ਧਾਰਮਿਕ ਜਾਂ ਸਮਾਜਿਕ ਮਾਨਤਾਵਾਂ ਬਦਲਣ ਦਾ ਅਖਾੜਾ।


ਸ਼ਾਇਦ ਇਹਨਾਂ ਗੱਲਾਂ ਨੂੰ ਕਿਸੇ ਧਰਮ ਜਾਂ ਫਿਰਕੇ ਦਾ ਵਿਰੋਧ ਸਮਝਿਆ ਜਾਵੇ ਪਰ ਦਲੀਲ 'ਤੇ ਆਧਾਰਿਤ ਸਵਾਲ ਦਾ ਜਵਾਬ ਜੇਕਰ ਦਲੀਲ ਨਾਲ ਦਿੱਤਾ ਜਾਵੇ ਤਾਂ ਹੀ ਠੀਕ ਹੈ। ਪੁਣੇ ਯੂਨੀਵਰਸਿਟੀ ਦੇ ਇਸ ਫਰਮਾਨ ਦਾ ਸੰਬੰਧ ਸਿੱਧੇ ਤੌਰ 'ਤੇ ਦੇਸ਼ ਵਿੱਚ ਫੈਲ ਰਹੇ ਭਗਵਾ ਅੱਤਵਾਦ ਨਾਲ ਹੈ। ਤਾਜ ਮਹਿਲ ਨੂੰ ਮੰਦਰ ਦੱਸਣਾ, ਦੇਸ਼ ਦੇ ਇਤਿਹਾਸ ਵਿੱਚ ਟੀਪੂ ਸੁਲਤਾਨ ਬਾਰੇ ਇਤਰਾਜ਼, ਮਹਾਰਾਸ਼ਟਰ ਦੀਆਂ ਸਕੂਲੀ ਕਿਤਾਬਾਂ ਵਿੱਚ ਕਿਸੇ ਇੱਕ ਧੜੇ ਦੇ ਕਹਿਣ ਅਨੁਸਾਰ ਇਤਿਹਾਸ ਦੇ ਪਾਠ ਬਦਲਨੇ, ਸਾਰੀਆਂ ਕੱਟੜਵਾਦ ਨਾਲ ਜੁੜੀਆਂ ਘਟਨਾਵਾਂ ਹਨ। ਬੀਤੇ ਸਾਲਾਂ ਵਿੱਚ ਬਿਨਾ ਸਬੂਤ ਗਊ ਖਾਣ ਦੇ ਸ਼ੱਕ ਵਿੱਚ ਕਿੰਨੇ ਹੀ ਬੇਕਸੂਰਾਂ ਦੀਆਂ ਜਾਨਾਂ ਭਗਵੇਂ ਅੱਤਵਾਦ ਦੀ ਭੇਟ ਚੜ੍ਹ ਚੁੱਕੀਆਂ ਹਨ। 


ਕਿਸੇ ਜੋੜੇ ਦੁਆਰਾ ਆਪਣੀ ਔਲਾਦ ਦਾ ਨਾਂ ਰੱਖਣ 'ਤੇ ਵੀ ਇਤਰਾਜ਼ ਜਤਾਏ ਜਾ ਰਹੇ ਹਨ। ਅੱਜ ਦੇਸ਼ ਭਗਤੀ ਦਾ ਸਬੂਤ ਕਿਸੇ ਇੱਕ ਖ਼ਾਸ ਧਰਮ ਵਿੱਚ ਜਨਮ ਲੈਣ ਵਾਲਾ ਹੀ ਕਿਹਾ ਜਾ ਰਿਹਾ ਹੈ ਅਤੇ ਬਾਕੀ ਘੱਟ ਗਿਣਤੀਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਖ਼ਤਮ ਕਰਨ ਦੇ ਬਿਆਨ ਵੀ ਸ਼ਰੇਆਮ ਦਿੱਤੇ ਜਾ ਰਹੇ ਹਨ। ਉਹ ਵੱਖਰੀ ਗੱਲ ਹੈ ਕਿ ਅਜਿਹੇ ਹੀ ਬਿਆਨ ਘੱਟ ਗਿਣਤੀਆਂ ਵੱਲੋਂ ਦਿੱਤੇ ਜਾਣ 'ਤੇ ਉਹਨਾਂ ਨੂੰ ਦੇਸ਼ ਧ੍ਰੋਹੀ ਕਰਾਰ ਦੇ ਦਿੱਤਾ ਜਾਂਦਾ ਹੈ ਅਤੇ ਇਹਨਾਂ ਲੋਕਾਂ ਅੱਗੇ ਕਾਨੂੰਨ ਬੇਬਸ ਦਿਖਾਈ ਦਿੰਦਾ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜਿਹਨਾਂ ਘੱਟ ਗਿਣਤੀਆਂ ਨੂੰ ਦੇਸ਼ ਪ੍ਰੇਮ ਤੋਂ ਸੱਖਣੇ ਦੱਸਿਆ ਜਾ ਰਿਹਾ ਹੈ, ਉਹਨਾਂ ਹੀ ਘੱਟ ਗਿਣਤੀਆਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਕੁਰਬਾਨੀਆਂ ਦਾ ਅਦੁੱਤੀ ਇਤਿਹਾਸ ਲਿਖਿਆ ਹੈ।


ਇਤਿਹਾਸ 'ਤੇ ਆਧਾਰਿਤ ਫ਼ਿਲਮਾਂ ਵੀ ਧਾਰਮਿਕ ਕੱਟੜਵਾਦ ਦੀ ਭੇਟ ਚੜ੍ਹ ਗਈਆਂ ਹਨ। ਉਮੀਦ ਹੈ ਬਾਲੀਵੁਡ ਦੀਆਂ ਫ਼ਿਲਮਾਂ ਲਈ ਸੈਂਸਰ ਬੋਰਡ ਦੀ ਬਜਾਇ ਕਿਸੇ ਸਮੂਹ ਦੀ ਮਨਜ਼ੂਰੀ ਲਾਜ਼ਮੀ ਕਰ ਦਿੱਤੀ ਜਾਵੇਗੀ ਅਤੇ ਇਸ ਆਧਾਰ 'ਤੇ ਫਿਲਮ ਨਿਰਮਾਤਾਵਾਂ ਨੂੰ ਵੀ ਦੇਸ਼ਪ੍ਰੇਮੀ ਜਾਂ ਦੇਸ਼ਧ੍ਰੋਹੀ ਵੀ ਜਲਦ ਹੀ ਕਿਹਾ ਜਾਵੇਗਾ।  


ਮੁੜ ਆਉਂਦੇ ਹਾਂ ਪੁਣੇ ਦੀ ਸਾਵਿਤਰੀ ਬਾਈ ਫੁਲੇ ਯੂਨੀਵਰਸਿਟੀ ਵਿੱਚ ਜਾਰੀ ਸਰਕੁਲਰ 'ਤੇ। ਉੱਪਰ ਲਿਖੀਆਂ ਘਟਨਾਵਾਂ ਵਾਂਗ ਇਹ ਸਰਕੂਲਰ ਵੀ ਫਿਰਕਾਪ੍ਰਸਤੀ ਤੋਂ ਪ੍ਰੇਰਿਤ ਦਿਖਾਈ ਦਿੰਦਾ ਹੈ। ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਅਤੇ ਉੱਚ ਗਿਆਨ ਤੋਂ ਹਟਾ ਕੇ ਕਿਸੇ ਵਿਸ਼ੇਸ਼ ਸਮੂਹ ਦੇ ਦਿਸ਼ਾ ਨਿਰਦੇਸ਼ ਹੇਠ ਲਿਆਂਦਾ ਜਾ ਰਿਹਾ ਹੈ। ਇਹ ਜਿੱਥੇ ਦੇਸ਼ ਦੀ ਅਨੇਕਤਾ ਵਿੱਚ ਏਕਤਾ ਦੇ ਦਾਅਵੇ ਉੱਤੇ ਚਪੇੜ ਹੈ ਉੱਥੇ ਹੀ ਸਾਡੇ ਧਾਰਮਿਕ ਅਤੇ ਸਮਾਜਿਕ ਆਜ਼ਾਦੀ ਦੇ ਸੰਵਿਧਾਨਿਕ ਹੱਕ 'ਤੇ ਹਮਲਾ ਵੀ ਹੈ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement