
ਐਸਆਈਟੀ ਵਲੋਂ ਜਾਂਚ ਸ਼ੁਰੂ, ਸੀਸੀਟੀਵੀ ਕੈਮਰੇ ਵਿਚ ਸ਼ੱਕੀ ਦਿਸਿਆ
ਬੰਗਲੌਰ,
7 ਸਤੰਬਰ : ਪੱਤਰਕਾਰ ਗੌਰੀ ਲੰਕੇਸ਼ ਦੀ ਹਤਿਆ ਦੇ ਮਾਮਲੇ ਵਿਚ ਵਿਸ਼ੇਸ਼ ਜਾਂਚ ਦਲ ਨੇ ਅਪਣੀ
ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ। ਉਧਰ, ਕਰਨਾਟਕ ਸਰਕਾਰ ਨੇ ਅੱਜ ਕਿਹਾ ਕਿ ਹਮਲਾਵਰ ਛੇਤੀ ਹੀ
ਫੜ ਲਏ ਜਾਣਗੇ। ਸੀਸੀਟੀਵੀ ਕੈਮਰੇ ਵਿਚ ਸ਼ੱਕੀ ਨਜ਼ਰ ਆਇਆ ਹੈ।
ਰਾਜ ਸਰਕਾਰ ਨੇ ਕਲ
ਆਈਜੀਪੀ ਬੀ ਕੇ ਸਿੰਘ ਦੀ ਅਗਵਾਈ ਵਿਚ 21 ਮੈਂਬਰੀ ਐਸਆਈਟੀ ਦੀ ਗਠਨ ਦਾ ਐਲਾਨ ਕੀਤਾ ਸੀ
ਜਿਹੜੀ ਗੌਰੀ ਸ਼ੰਕਰ ਦੀ ਹਤਿਆ ਦੇ ਮਾਮਲੇ ਵਿਚ ਜਾਂਚ ਕਰੇਗੀ। ਗੌਰੀ ਦੀ ਹਤਿਆ ਕਾਰਨ ਦੇਸ਼
ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ ਅਤੇ ਰਾਜਨੀਤਕ ਪਾਰਟੀਆਂ ਵੀ ਇਸ ਕਾਂਡ ਦੀ ਨਿਖੇਧੀ ਕਰ
ਰਹੀਆਂ ਹਨ। ਸੂਬੇ ਦੇ ਗ੍ਰਹਿ ਮੰਤਰੀ ਰਾਮਲਿੰਗਾ ਰੈਡੀ ਨੇ ਪੱਤਰਕਾਰਾਂ ਨੂੰ ਕਿਹਾ,
'ਐਸਆਈਟੀ ਦੇ ਮੈਂਬਰਾਂ ਨੇ ਗੌਰੀ ਲੰਕੇਸ਼ ਹਤਿਆ ਕਾਂਡ ਵਿਚ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ
ਰਾਜ ਸਰਕਾਰ ਨੂੰ ਛੇਤੀ ਹੀ ਹਮਲਾਵਰਾਂ ਦੇ ਫੜੇ ਜਾਣ ਦੀ ਉਮੀਦ ਹੈ।
ਇਕ ਸਵਾਲ ਦੇ ਜਵਾਬ
ਵਿਚ ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਨੂੰ ਮਾਮਲੇ ਦੀ ਤਫ਼ਤੀਸ਼ ਲਈ ਅਤੇ ਲੋੜ ਪੈਣ 'ਤੇ
ਜਾਣਕਾਰੀ ਜਨਤਕ ਕਰਨ ਦੀ ਪੂਰੀ ਆਜ਼ਾਦੀ ਦਿਤੀ ਗਈ ਹੈ। ਰੈਡੀ ਨੇ ਕਿਹਾ, 'ਐਸਆਈਟੀ ਮੈਂਬਰਾਂ
ਦੀ ਜ਼ਿੰਮੇਵਾਰੀ ਜਾਂਚ ਕਰਨ ਦੀ ਅਤੇ ਹਮਲਾਵਰਾਂ ਨੂੰ ਫੜਨ ਦੀ ਹੈ।' ਉਨ੍ਹਾਂ ਕਿਹਾ ਕਿ
ਸੀਸੀਟੀਵੀ ਕੈਮਰੇ ਵੀ ਵੇਖੇ ਜਾ ਰਹੇ ਹਨ।
ਗੌਰੀ ਲੰਕੇਸ਼ ਦੀ ਹਤਿਆ ਦੇ ਮਾਮਲੇ ਵਿਚ
ਸੀਬੀਆਈ ਜਾਂਚ ਦਾ ਫ਼ੈਸਲਾ ਨਾ ਕਰਨ ਸਬੰਧੀ ਕਿਸੇ ਤਰ੍ਹਾਂ ਦੀ ਰਾਜਨੀਤਕ ਬੰਦਸ਼ ਦੇ ਸਵਾਲ
'ਤੇ ਰੈਡੀ ਨੇ ਕਿਹਾ, 'ਇਹ ਕਿਸ ਨੇ ਕਿਹਾ? ਅਸੀਂ ਖੁਲ੍ਹੀ ਸੋਚ ਰਖਦੇ ਹਾਂ ਅਤੇ ਇਹੋ ਮੁੱਖ
ਮੰਤਰੀ ਸਿਧਰਮਈਆ ਨੇ ਵੀ ਕਿਹਾ ਹੈ। ਜੇ ਸਾਨੂੰ ਲਗਦਾ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ
ਤੋਂ ਕਰਾਉਣ ਦੀ ਲੋੜ ਹੈ ਤਾਂ ਕਰਵਾਈ ਜਾਵੇਗੀ।' ਕੱਟੜ ਹਿੰਦੂਵਾਦੀ ਤਾਕਤਾਂ ਵਿਰੁਧ ਲਿਖਣ
ਵਾਲੀ ਗੌਰੀ ਲੰਕੇਸ਼ ਨੂੰ ਪੰਜ ਸਤੰਬਰ ਦੀ ਰਾਤ ਨੂੰ ਉਸ ਦੇ ਘਰ ਲਾਗੇ ਗੋਲੀਆਂ ਮਾਰ ਕੇ ਮਾਰ
ਦਿਤਾ ਗਿਆ ਸੀ। (ਏਜੰਸੀ)