
ਨਵੀਂ ਦਿੱਲੀ, 26
ਸਤੰਬਰ: ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਰੋਹਿੰਗਿਆ
ਮੁਸਲਮਾਨਾਂ ਨੂੰ ਭਾਰਤ 'ਚ ਸ਼ਰਨ ਦੇਣ ਦੀ ਵਕਾਲਤ ਕੀਤੀ ਹੈ ਜਿਸ 'ਤੇ ਉਨ੍ਹਾਂ ਨੂੰ
ਕੇਂਦਰੀ ਮੰਤਰੀ ਹੰਸਰਾਜ ਅਹੀਰ ਵਲੋਂ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਹੀਰ ਨੇ
ਕਿਹਾ ਕਿ ਦੇਸ਼ ਦੇ ਹਿਤ 'ਚ ਨਾ ਸੋਚਣ ਵਾਲੇ ਹੀ ਅਜਿਹੇ ਬਿਆਨ ਦੇ ਸਕਦੇ ਹਨ।
ਵਰੁਣ ਗਾਂਧੀ ਨੇ ਇਕ ਹਿੰਦੀ ਅਖ਼ਬਾਰ 'ਚ ਛਪੇ ਅਪਣੇ ਇਕ ਲੇਖ 'ਚ ਕਿਹਾ ਸੀ ਕਿ ਭਾਰਤ ਨੂੰ ਸੁਰੱਖਿਆ ਮੁਲਾਂਕਣ ਮਗਰੋਂ ਰੋਹਿੰਗਿਆ ਮੁਸਲਮਾਨਾਂ ਨੂੰ ਭਾਰਤ 'ਚ ਸ਼ਰਨ ਦੇ ਦੇਣੀ ਚਾਹੀਦੀ ਹੈ। ਅਹੀਰ ਦੀ ਟਿਪਣੀ ਤੋਂ ਬਾਅਦ ਵਰੁਣ ਨੇ ਕਿਹਾ ਕਿ ਉਨ੍ਹਾਂ ਦਾ ਲੇਖ ਸਿਰਫ਼ ਭਾਰਤ 'ਚ ਸ਼ਰਨ ਦੇਣ ਦੀ ਨੀਤੀ ਨੂੰ ਪਰਿਭਾਸ਼ਿਤ ਕਰਨ ਉਤੇ ਕੇਂਦਰਤ ਸੀ, ਜਿਸ 'ਚ ਇਸ ਗੱਲ ਨੂੰ ਸਪੱਸ਼ਟ ਤੌਰ 'ਤੇ ਉਭਾਰਿਆ ਗਿਆ ਸੀ ਕਿ ਅਸੀ ਕਿਸ ਤਰੀਕੇ ਨਾਲ ਸ਼ਰਨਾਰਥੀਆਂ ਨੂੰ ਮਨਜ਼ੂਰ ਕਰਾਂਗੇ।
ਉਨ੍ਹਾਂ
ਟਵੀਟ ਕੀਤਾ ਕਿ ਸ਼ਰਨ ਦੇਣ ਨੂੰ ਲੈ ਕੇ ਰੋਹਿੰਗਿਆ ਲਈ ਮੈਂ ਹਮਦਰਦੀ ਨਾਲ ਪੇਸ਼ ਆਉਣ ਨੂੰ
ਕਿਹਾ ਪਰ ਇਸ ਤੋਂ ਪਹਿਲਾਂ ਹਰ ਬਿਨੈਕਰਤਾ ਲਈ ਜਾਇਜ਼ ਸੁਰੱਖਿਆ ਚਿੰਤਾਵਾਂ ਦਾ ਮੁਲਾਂਕਣ ਵੀ
ਕਰਨਾ ਚਾਹੀਦਾ ਹੈ। ਵਰੁਣ ਗਾਂਧੀ ਦੀਆਂ ਟਿਪਣੀਆਂ ਇਸ ਮੁੱਦੇ ਉਤੇ ਸਰਕਾਰ ਦੇ ਰੁਖ ਤੋਂ
ਉਲਟ ਹਨ। ਰੋਹਿੰਗਿਆ ਸ਼ਰਨਾਰਥੀਆਂ ਨੂੰ 'ਗ਼ੈਰਕਾਨੂੰਨੀ' ਸ਼ਰਨਾਰਥੀ ਦਸਦਿਆਂ ਸਰਕਾਰ ਨੇ
ਪਿੱਛੇ ਜਿਹੇ ਸੁਪਰੀਮ ਕੋਰਟ ਨੂੰ ਦਸਿਆ ਸੀ ਕਿ ਉਨ੍ਹਾਂ ਵਿਚੋਂ ਕੁੱਝ ਪਾਕਿਸਤਾਨ ਦੀ
ਖੁਫ਼ੀਆ ਏਜੰਸੀ ਆਈ.ਐਸ.ਆਈ. ਅਤੇ ਅਤਿਵਾਦੀ ਏਜੰਸੀ ਆਈ.ਐਸ.ਆਈ.ਐਸ. ਦੀਆਂ ਕੋਝੀਆਂ ਚਾਲਾਂ
ਦੇ ਸ਼ਿਕਾਰ ਹਨ ਅਤੇ ਇਨ੍ਹਾਂ ਦੋਹਾਂ ਦੀ ਦੇਸ਼ 'ਚ ਮੌਜੂਦਗੀ ਦੇਸ਼ ਲਈ ਵੱਡਾ ਖ਼ਤਰਾ ਹੋਵੇਗੀ।
(ਪੀਟੀਆਈ)