
ਨਵੀਂ ਦਿੱਲੀ: ਜੇ ਤੁਸੀਂ ਅਪਣੇ ਸਰੀਰ 'ਤੇ ਟੈਟੂ ਬਣਵਾ ਲਿਆ ਹੈ ਤਾਂ ਭਾਰਤੀ ਜਲ ਸੈਨਾ ਵਿਚ ਤੁਹਾਨੂੰ ਨੌਕਰੀ ਮਿਲਣ ਵਿਚ ਮੁਸ਼ਕਲ ਆ ਸਕਦੀ ਹੈ। ਦਿੱਲੀ ਹਾਈ ਕੋਰਟ ਨੇ ਜਲ ਸੈਨਾ ਦੇ ਉਸ ਫ਼ੈਸਲੇ ਨੂੰ ਕਾਇਮ ਰਖਿਆ ਹੈ ਜਿਸ ਵਿਚ ਏਅਰਮੈਨ ਦੇ ਅਹੁਦੇ 'ਤੇ ਨਿਯੁਕਤ ਸ਼ਖ਼ਸ ਦੀ ਨਿਯੁਕਤੀ ਇਸ ਲਈ ਰੱਦ ਕਰ ਦਿਤੀ ਗਈ ਕਿਉਂਕਿ ਉਸ ਨੇ ਅਪਣੀ ਬਾਂਹ 'ਤੇ ਅਜਿਹਾ ਟੈਟੂ ਬਣਵਾ ਲਿਆ ਸੀ ਜਿਸ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਜਲ ਸੈਨਾ ਕੁੱਝ ਖ਼ਾਸ ਤਰ੍ਹਾਂ ਦੇ ਟੈਟੂ ਦੀ ਇਜਾਜ਼ਤ ਦਿੰਦੀ ਹੈ। ਉਹ ਆਦਿਵਾਸੀਆਂ ਨੂੰ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਰਵਾਇਤਾਂ ਮੁਤਾਬਕ ਬਣਾਏ ਗਏ ਟੈਟੂ ਦੇ ਮਾਮਲਿਆਂ ਵਿਚ ਵੀ ਰਿਆਇਤ ਦਿੰਦੀ ਹੈ।
ਬਹਰਹਾਲ, ਜੱਜ ਹਿਮਾ ਕੋਹਲੀ ਅਤੇ ਜੱਜ ਰੇਖਾ ਪਾਟਿਲ ਨੇ ਕਿਹਾ ਕਿ ਉਕਤ ਸ਼ਖ਼ਸ ਦੇ ਸਰੀਰ 'ਤੇ ਬਣਿਆ ਟੈਟੂ ਜਲ ਸੈਨਾ ਵਲੋਂ ਦਿਤੀਆਂ ਜਾਣ ਵਾਲੀਆਂ ਰਿਆਇਤਾਂ ਦੇ ਦਾਇਰੇ ਵਿਚ ਨਹੀਂ ਆਉਂਦਾ ਅਤੇ ਉਸ ਨੇ ਅਪਣੀ ਅਰਜ਼ੀ ਦੇਣ ਸਮੇਂ ਵੀ ਅਪਣੇ ਟੈਟੂ ਦੀ ਤਸਵੀਰ ਨਹੀਂ ਦਿਤੀ ਸੀ ਜਦਕਿ ਜਲ ਸੈਨਾ ਦੇ ਇਸ਼ਤਿਹਾਰ ਵਿਚ ਇਸ ਬਾਬਤ ਨਿਰਦੇਸ਼ ਦਿਤੇ ਗਏ ਸਨ। ਜਲ ਸੈਨਾ ਦੇ ਵਕੀਲ ਨੇ ਸਪੱਸ਼ਟ ਕੀਤਾ ਕਿ ਸਿਰਫ਼ ਬਾਹਾਂ ਦੇ ਅੰਦਰੂਨੀ ਹਿਸਿਆਂ, ਹੱਥ ਦੇ ਪਿਛਲੇ ਹਿੱਸੇ ਜਾਂ ਹਥੇਲੀ ਦੇ ਹੇਠਲੇ ਹਿੱਸੇ ਵਿਚ ਸਰੀਰ ਉਤੇ ਪੱਕੇ ਟੈਟੂ ਦੀ ਇਜਾਜ਼ਤ ਹੈ।
ਬੈਂਚ ਨੇ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਪਟੀਸ਼ਨਕਾਰ ਦੇ ਸਰੀਰ ਉਤੇ ਬਣਿਆ ਟੈਟੂ ਇਸ਼ਤਿਹਾਰ ਵਿਚ ਦਿਤੀ ਗਈ ਰਿਆਇਤ ਦੇ ਦਾਇਰੇ ਵਿਚ ਨਹੀਂ ਆਉਂਦਾ ਅਤੇ ਇਸੇ ਕਾਰਨ ਉਸ ਦੀ ਨਿਯੁਕਤੀ ਰੱਦ ਕਰਨ ਵਾਲੇ ਹੁਕਮ ਵਿਚ ਕੋਈ ਖ਼ਾਮੀ ਨਹੀਂ। ਪਟੀਸ਼ਨਕਾਰ ਨੇ 29 ਸਤੰਬਰ 2016 ਨੂੰ ਜਲ ਸੈਨਾ ਵਿਚ ਏਅਰਮੈਨ ਦੇ ਅਹੁਦੇ ਲਈ ਅਰਜ਼ੀ ਦਿਤੀ ਸੀ ਅਤੇ ਫ਼ਰਵਰੀ 2017 ਵਿਚ ਟੈਸਟ ਪਾਸ ਕਰਨ ਮਗਰੋਂ ਉਸ ਨੂੰ ਪਿਛਲੇ ਸਾਲ ਨਵੰਬਰ ਵਿਚ ਨਿਯੁਕਤੀ ਪੱਤਰ ਜਾਰੀ ਕੀਤਾ ਗਿਆ। 24 ਦਸੰਬਰ, 2017 ਨੂੰ ਉਸ ਨੂੰ ਰੀਪੋਰਟ ਕਰਨ ਲਈ ਕਿਹਾ ਗਿਆ ਤੇ ਰੀਪੋਰਟ ਕਰਨ ਦੇ ਅਗਲੇ ਹੀ ਦਿਨ ਉਸ ਦੀ ਨਿਯੁਕਤੀ ਰੱਦ ਕਰ ਦਿਤੀ ਗਈ।