
ਨਵੀਂ ਦਿੱਲੀ, 23 ਜਨਵਰੀ : ਰਾਜਧਾਨੀ ਵਿਚ ਨਗਰ ਨਿਗਮ ਦੁਆਰਾ ਚਲਾਈ ਜਾ ਰਹੀ ਤਾਲਾਬੰਦੀ ਮੁਹਿੰਮ ਵਿਰੁਧ ਅੱਜ ਵੱਖ ਵੱਖ ਬਾਜ਼ਾਰਾਂ ਵਿਚ ਦੁਕਾਨਾਂ ਬੰਦ ਰਹੀਆਂ। ਬੰਦ ਦਾ ਸੱਦਾ ਵਪਾਰੀਆਂ ਦੀ ਪ੍ਰਮੁੱਖ ਜਥੇਬੰਦੀ ਨੇ ਦਿਤਾ ਸੀ। ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਨੇ ਬੰਦ ਦਾ ਸੱਦਾ ਦਿਤਾ ਸੀ। ਬੰਦ ਕਾਰਨ ਚਾਂਦਨੀ ਚੌਕ, ਸਦਨ ਬਾਜ਼ਾਰ, ਚਾਵੜੀ ਬਾਜ਼ਾਰ, ਕਮਲਾ ਨਗਰ, ਕਰੋਲ ਬਾਗ਼, ਕਸ਼ਮੀਰੀ ਗੇਟ, ਖਾਰੀ ਬਾਵਲੀ, ਨਵਾਂ ਬਾਜ਼ਾਰ ਆਦਿ ਵਿਚ ਵਪਾਰੀਆਂ ਨੇ ਅਪਣੀਆਂ ਦੁਕਾਨਾਂ ਬੰਦ ਰੱਖੀਆਂ। ਕੈਟ ਨੇ ਦਾਅਵਾ ਕੀਤਾ ਕਿ ਦਿੱਲੀ ਵਪਾਰ ਬੰਦ ਵਿਚ ਰਾਜਧਾਨੀ ਦੇ ਕਈ ਵਪਾਰ ਸੰਗਠਨ ਸ਼ਾਮਲ ਹੋਏ ਜਿਸ ਕਾਰਨ ਵਣਜ ਗਤੀਵਿਧੀਆਂ ਲਗਭਗ ਠੱਪ ਰਹੀਆਂ।
ਨਗਰ ਨਿਗਮ ਦੁਆਰਾ ਕੁੱਝ ਇਲਾਕਿਆਂ ਵਿਚ ਤਾਲਾਬੰਦੀ ਮੁਹਿੰਮ ਚਲਾਈ ਜਾ ਰਹੀ ਹੈ। ਡਿਫ਼ੈਂਸ ਕਾਲੋਨੀ ਵਿਚ ਲਗਭਗ 50 ਦੁਕਾਨਾਂ ਵਿਰੁਧ ਕਾਰਵਾਈ ਕੀਤੀ ਗਈ। ਵਪਾਰੀ ਮੰਗ ਕਰ ਰਹੇ ਹਨ ਕਿ ਕੇਂਦਰ ਆਰਡੀਨੈਂਸ ਲਿਆ ਕੇ ਵਪਾਰੀਆਂ ਨੂੰ ਇਸ ਮੁਹਿੰਮ ਵਿਚ ਰਾਹਤ ਦੇਵੇ। ਉਨ੍ਹਾਂ ਕਿਹਾ ਕਿ ਸਥਾਨਕ ਸ਼ਾਪਿੰਗ ਸੈਂਟਰ ਵਪਾਰਕ ਦਰਾਂ ਉਤੇ ਦਿਤੇ ਗਏ ਹਨ ਅਤੇ ਹੁਣ ਕਨਵਰਜ਼ਨ ਫ਼ੀਸ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਬਿਨਾਂ ਨੋਟਿਸ ਦਿਤੇ ਸੀਲਿੰਗ ਕੀਤੀ ਜਾ ਰਹੀ ਹੈ। (ਏਜੰਸੀ)