
ਇੰਦੌਰ, 22 ਅਕਤੂਬਰ : ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀ ਨੇ ਦੇਸ਼ ਦੇ ਇਤਿਹਾਸ ਨੂੰ ਦੁਬਾਰਾ ਲਿਖੇ ਜਾਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਟੀਪੂ ਸੁਲਤਾਨ ਦੇ ਇਤਿਹਾਸਕ ਕਿਰਦਾਰ ਬਾਰੇ ਬਹਿਸ ਹੋਣੀ ਚਾਹੀਦੀ ਹੈ।
ਵਿਜੇਵਰਗੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਕਰਨਾਟਕ ਦੀ ਕਾਂਗਰਸ ਸਰਕਾਰ ਦੁਆਰਾ 10 ਨਵੰਬਰ ਨੂੰ ਟੀਪੂ ਸੁਲਤਾਨ ਜਯੰਤੀ ਮਨਾਈ ਜਾ ਰਹੀ ਹੈ। ਕੇਂਦਰੀ ਮੰਤਰੀ ਅਨੰਤ ਹੈਗੜੇ ਨੇ ਕਲ ਕਿਹਾ ਸੀ ਕਿ ਉਸ ਨੂੰ ਜਯੰਤੀ ਸਮਾਗਮ ਲਈ ਸੱਦਾ ਨਾ ਭੇਜਿਆ ਜਾਵੇ ਕਿਉਂਕਿ ਉਹ ਟੀਪੂ ਸੁਲਤਾਨ ਨੂੰ ਹਿੰਦੂ ਵਿਰੋਧੀ ਅਤੇ ਬਲਾਤਕਾਰੀ ਮੰਨਦਾ ਹੈ।
ਭਾਜਪਾ ਆਗੂ ਨੇ ਕਿਹਾ, 'ਦੇਸ਼ ਦੇ ਇਤਿਹਾਸ ਨੂੰ ਠੀਕ ਤਰ੍ਹਾਂ ਨਹੀਂ ਲਿਖਿਆ ਗਿਆ। ਇਤਿਹਾਸ ਦੁਬਾਰਾ ਲਿਖਿਆ ਜਾਣਾ ਚਾਹੀਦਾ ਹੈ। ਇਤਿਹਾਸ ਵਿਚ ਟੀਪੂ ਦੇ ਜ਼ਿਕਰ ਬਾਰੇ ਦੁਬਾਰਾ ਵਿਚਾਰ ਹੋਣੀ ਚਾਹੀਦੀ ਹੈ ਅਤੇ ਬਹਿਸ ਵੀ ਹੋਣੀ ਚਾਹੀਦੀ ਹੈ।' ਉਨ੍ਹਾਂ ਕਿਹਾ, 'ਦੇਸ਼ ਦਾ ਇਤਿਹਾਸ ਲਿਖਣ ਵਾਲੇ ਕਿਤੇ ਨਾ ਕਿਤੇ ਅੰਗਰੇਜ਼ਾਂ ਦੇ ਗ਼ੁਲਾਮ ਰਹੇ ਹਨ।ਉਨ੍ਹਾਂ ਨੇ ਜਾਣ-ਬੁੱਝ ਕੇ ਅਜਿਹਾ ਇਤਿਹਾਸ ਲਿਖਿਆ ਕਿ ਸਾਨੂੰ ਅਪਣੇ ਮਹਾਂਪੁਰਸ਼ਾਂ 'ਤੇ ਮਾਣ ਨਾ ਹੋ ਸਕ ਜਿਵੇਂ ਮਹਾਰਾਣਾ ਪ੍ਰਤਾਪ ਅਤੇ ਅਕਬਰ ਸਮਕਾਲੀ ਸਨ। ਇਤਿਹਾਸ ਵਿਚ ਅਕਬਰ ਨੂੰ ਤਾਂ ਮਹਾਨ ਬਣਾ ਦਿਤਾ ਗਿਆ ਪਰ ਦੇਸ਼ ਦੀ ਸੰਸਕ੍ਰਿਤ ਦੀ ਰਾਖੀ ਲਈ ਜੰਗਲਾਂ ਵਿਚ ਰਹਿ ਕੇ ਘਾਹ ਦੀ ਰੋਟੀ ਖਾਣ ਵਾਲੇ ਮਹਾਰਾਣਾ ਪ੍ਰਤਾਪ ਨੂੰ ਮਹਾਨ ਨਾ ਬਣਾਇਆ ਗਿਆ।' ਉਨ੍ਹਾਂ ਦੋਸ਼ ਲਾਇਆ ਕਿ ਕੁੱਝ ਇਤਿਹਾਸਕਾਰਾਂ ਕਾਰਨ ਦੇਸ਼ ਦੀਆਂ ਮਹਾਨ ਹਸਤੀਆਂ ਨੂੰ ਇਤਿਹਾਸ ਵਿਚ ਢੁਕਵੀਂ ਥਾਂ ਨਹੀਂ ਮਿਲ ਸਕੀ।
(ਏਜੰਸੀ)