
ਮੁੰਬਈ,
27 ਸਤੰਬਰ: ਜਾਪਾਨ ਦੀ ਵਿੱਤੀ ਸੇਵਾਵਾਂ ਕੰਪਨੀ ਨੋਮੁਰਾ ਨੇ ਅਰਥਚਾਰੇ ਨੂੰ ਹੱਲਾਸ਼ੇਰੀ
ਦੇਣ ਲਈ ਰਾਹਤ ਪੈਕੇਜ ਦੇਣ ਦੀ ਤਿਆਰੀ 'ਚ ਲੱਗੀ ਸਰਕਾਰ ਨੂੰ ਚੇਤਾਵਨੀ ਦਿਤੀ ਹੈ। ਕੰਪਨੀ
ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 'ਚ ਭਾਰਤ ਦੀਆਂ ਵੱਖੋ-ਵੱਖ ਆਰਥਕ ਸਮਸਿਆਵਾਂ ਦਾ ਕਾਰਨ
ਜ਼ਿਆਦਾ ਖ਼ਰਚਾ ਹੈ। ਘੱਟ ਰੈਵੀਨਿਊ ਪ੍ਰਾਪਤ ਹੋਣਾ ਇਸ ਦਾ ਕਾਰਨ ਨਹੀਂ ਹੈ। ਇਸ ਲਈ ਇਸ ਵੇਲੇ
ਰਾਹਤ ਪੈਕੇਜ ਦੇਣਾ ਉਲਟਾ ਪੈ ਸਕਦਾ ਹੈ।
ਨੋਮੁਰਾ ਨੇ ਕਿਹਾ ਕਿ ਜ਼ਿਆਦਾ ਖ਼ਰਚੇ ਕਰ ਕੇ
ਆਉਣ ਵਾਲੇ ਮਹੀਨਿਆਂ 'ਚ ਸਰਕਾਰ ਕੋਲ ਜ਼ਿਆਦਾ ਖ਼ਰਚੇ ਕਰਨ ਦੀ ਗੁੰਜਾਇਸ਼ ਨਹੀਂ ਹੈ।
ਨੋਮੁਰਾ ਇੰਡੀਆ ਦੀ ਮੁੱਖ ਅਰਥਸ਼ਾਸਤਰੀ ਸੋਨਲ ਵਰਮਾ ਨੇ ਅਪਣੀ ਰੀਪੋਰਟ 'ਚ ਕਿਹਾ ਕਿ
ਅਰਥਚਾਰੇ 'ਚ ਵਾਧੇ ਲਈ ਰਾਹਤ ਪੈਕੇਜ ਦੇਣਾ ਕਾਫ਼ੀ ਨਹੀਂ ਹੋਵੇਗਾ। ਰੀਪੋਰਟ 'ਚ ਕਿਹਾ ਗਿਆ
ਹੈ ਕਿ ਸਰਕਾਰ ਦਾ ਖ਼ਰਚਾ ਚਾਰਟ ਤੋਂ ਬਾਹਰ ਨਿਕਲ ਚੁਕਿਆ ਹੈ। ਸਰਕਾਰ ਨੇ ਔਸਤਨ 7.5 ਫ਼ੀ
ਸਦੀ ਖ਼ਰਚ ਕੀਤਾ ਹੈ। (ਪੀਟੀਆਈ)