
ਮੁੰਬਈ, 22
ਸਤੰਬਰ: ਉੱਤਰੀ ਕੋਰੀਆ ਨੂੰ ਲੈ ਕੇ ਕੌਮਾਂਤਰੀ ਪੱਧਰ 'ਤੇ ਤਣਾਅ ਵਧਣ ਅਤੇ ਅਰਥਚਾਰੇ ਨੂੰ
ਗਤੀ ਦੇਣ ਲਈ ਸਰਕਾਰ ਵਲੋਂ ਖ਼ਰਚ ਵਧਾਉਣ ਨਾਲ ਵਿੱਤੀ ਗਣਿਤ ਗੜਬੜਾ ਜਾਣ ਦੇ ਸ਼ੱਕ 'ਚ ਅੱਜ
ਸ਼ੇਅਰ ਬਾਜ਼ਾਰ 'ਚ ਵਿਕਰੀ ਦਾ ਜ਼ੋਰ ਰਿਹਾ। ਹਫ਼ਤੇ ਦੇ ਆਖ਼ਰੀ ਦਿਨ ਅੱਜ ਬੰਬਈ ਸ਼ੇਅਰ ਬਾਜ਼ਾਰ ਦਾ
ਸੈਂਸੈਕਸ 447 ਅੰਕ ਡਿੱਗ ਪਿਆ। ਇਹ 9 ਮਹੀਨਿਆਂ 'ਚ ਇਸ ਦੀ ਇਕ ਦਿਨ 'ਚ ਸੱਭ ਤੋਂ ਵੱਡੀ
ਗਿਰਾਵਟ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 10 ਹਜ਼ਾਰ ਅੰਕ ਤੋਂ ਹੇਠਾਂ ਆ
ਗਿਆ। ਅਮਰੀਕਾ ਅਤੇ ਉੱਤਰੀ ਕੋਰੀਆ ਵਿਚਕਾਰ ਸ਼ਬਦੀ ਜੰਗ ਹੋਰ ਤੇਜ਼ ਹੋਣ ਨਾਲ ਬਾਜ਼ਾਰ 'ਚ
ਫ਼ਿਕਰ ਵਧਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਉੱਤਰ ਕੋਰੀਆ ਨੂੰ ਧਮਕੀ ਦੇਣ
ਦੇ ਜਵਾਬ 'ਚ ਉੱਤਰ ਕੋਰੀਆ ਨੇ ਟਰੰਪ ਨੂੰ ਵਿਗੜੇ ਦਿਮਾਗ਼ ਵਾਲਾ ਵਿਅਕਤੀ ਦਸਿਆ ਹੈ। ਉੱਤਰ
ਕੋਰੀਆ ਦੇ ਵਿਦੇਸ਼ ਮੰਤਰੀ ਨੇ ਸੰਕੇਤ ਦਿਤਾ ਹੈ ਕਿ ਉਹ ਪ੍ਰਸ਼ਾਂਤ ਮਹਾਂਸਾਗਰ ਦੇ ਉੱਪਰ
ਹਾਈਡਰੋਜਨ ਬੰਬ ਸੁਟ ਸਕਦਾ ਹੈ। ਇਸ ਤੋਂ ਬਾਅਦ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ
ਵੀ ਕਿਮ ਨੂੰ ਚੇਤਾਵਨੀ ਦਿਤੀ ਕਿ ਉਨ੍ਹਾਂ ਵਿਰੁਧ ਅਜਿਹੀ ਕਾਰਵਾਈ ਕੀਤੀ ਜਾਵੇਗੀ ਜੋ
ਪਹਿਲਾਂ ਕਦੀ ਨਹੀਂ ਕੀਤੀ ਗਈ ਸੀ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ
ਸੈਂਸੈਕਸ ਅੱਜ ਪੂਰੇ ਦਿਨ ਨਾਂਹਪੱਖੀ ਰਿਹਾ। ਇਕ ਸਮੇਂ ਇਹ 31886 ਅੰਕ ਤਕ ਡਿੱਗ ਗਿਆ ਸੀ।
ਆਖ਼ਰ ਸੈਂਸੈਕਸ 447.60 ਅੰਕ ਜਾਂ 1.38 ਫ਼ੀ ਸਦੀ ਦੇ ਨੁਕਸਾਨ 'ਤੇ 319922.44 ਅੰਕ 'ਤੇ
ਬੰਦ ਹੋਇਆ। ਇਹ ਪਿਛਲੇ ਸਾਲ 15 ਨਵੰਬਰ ਤੋਂ ਬਾਅਦ ਇਕ ਦਿਨ 'ਚ ਸੱਭ ਤੋਂ ਵੱਡੀ ਗਿਰਾਵਟ
ਹੈ। ਨੈਸ਼ਨਲ ਸਟਾਕ ਐਕਸਚੇ! ਵੀ ਵਿਕਰੀ ਦੇ ਦਬਾਅ 'ਚ ਰਿਹਾ ਅਤੇ 9964.40 ਅੰਕ 'ਤੇ ਬੰਦ
ਹੋਇਆ।
ਜੀਉਜਿਤ ਫ਼ਾਈਨੈਂਸ਼ੀਅਲ ਸਰਵੀਸਿਜ਼ ਦੇ ਮੁੱਖ ਬਾਜ਼ਾਰ ਰਣਨੀਤੀਕਾਰ ਆਨੰਦ ਜੇਮਸ ਨੇ
ਕਿਹਾ ਕਿ ਕੋਰੀਆ ਤਣਾਅ ਕਰ ਕੇ ਕੌਮਾਂਤਰੀ ਸ਼ੇਅਰ ਬਾਜ਼ਾਰ ਜੋਖਮ ਨਾ ਚੁੱਕਣ ਦੇ ਰੁਖ 'ਚ ਹੈ।
ਇਸ ਨਾਲ ਗਿਰਾਵਟ ਦਾ ਰੁਖ ਹੋਰ ਵਧਿਆ ਹੈ। ਵਿਦੇਸ਼ੀ ਨਿਵੇਸ਼ਕ ਸ਼ੁੱਧ ਵਿਕਰੀਕਰਤਾ ਬਣੇ ਹੋਏ
ਹਨ। ਨਿਵੇਸ਼ਕਾਂ ਨੂੰ ਚਿੰਤਾ ਹੈ ਕਿ ਜੇਕਰ ਸਰਕਾਰ ਅਰਥਚਾਰੇ ਦੀ ਮੁੜਸੁਰਜੀਤੀ ਲਈ ਕੁੱਝ
ਜ਼ਿਆਦਾ ਖ਼ਰਚਾ ਕਰਦੀ ਹੈ ਤਾਂ ਇਸ ਨਾਲ ਵਿੱਤੀ ਟੀਚਿਆਂ ਉਤੇ ਅਸਰ ਪੈ ਸਕਦਾ ਹੈ।
ਅੱਜ
ਕਾਰੋਬਾਰ ਦੌਰਾਨ ਇਕ ਸਮੇਂ ਰੁਪਿਆ ਡਾਲਰ ਦੇ ਮੁਕਾਬਲੇ ਛੇ ਮਹੀਨਿਆਂ ਦੇ ਸੱਭ ਤੋਂ ਹੇਠਲੇ
ਪੱਧਰ ਤਕ ਡਿੱਗ ਗਿਆ ਸੀ। ਅਖ਼ੀਰ 'ਚ ਇਹ 65.04 ਰੁਏ ਪ੍ਰਤੀ ਅਮਰੀਕੀ ਡਾਲਰ 'ਤੇ ਬੰਦ ਹੋਇਆ
ਜੋ ਕਿ ਕਲ ਨਾਲੋਂ 23 ਪੈਸੇ ਹੇਠਾਂ ਹੈ। ਅਮਰੀਕੀ ਫ਼ੈਡਰਲ ਰਿਜ਼ਰਵ ਵਲੋਂ ਭਾਰੀ ਹੱਲਾਸ਼ੇਰੀ
ਨੂੰ ਵਾਪਸ ਲੈਣ ਦੇ ਸੰਕੇਤ ਅਤੇ ਵਿੱਤੀ ਘਾਟਾ ਵਧਣ ਦੇ ਕਿਆਸਿਆਂ ਨਾਲ ਰੁਪਏ 'ਚ ਗਿਰਾਵਟ
ਆਈ। ਹਾਲਾਂਕਿ ਬਾਅਦ 'ਚ ਰੁਪਿਆ ਕੁੱਝ ਸੁਧਾਰ ਨਾਲ ਬੰਦ ਹੋਇਆ। ਏਸ਼ੀਆਈ ਬਾਜ਼ਾਰਾਂ 'ਚ
ਗਿਰਾਵਟ ਕਰ ਕੇ ਵੀ ਦੇਸ਼ ਅੰਦਰ ਵਿਕਰੀ ਉਤੇ ਜ਼ੋਰ ਰਿਹਾ। (ਪੀਟੀਆਈ)